ਬਰੇਟਾ 02 ਅਗਸਤ(ਸਾਰਾ ਯਹਾਂ/ਰੀਤਵਾਲ): ਕੋਈ ਸਮਾਂ ਸੀ ਜਦੋਂ ਬਰੇਟਾ ਮੰਡੀ ਵਿੱਚ 18 ਜੇਠ ਨੂੰ ਲੱਗਣ ਵਾਲੇ ਪਸ਼ੂ
ਮੇਲੇ ਦੇ ਚਰਚੇ ਦੂਰ ਦੂਰ ਤੱਕ ਹੁੰਦੇ ਸਨ । ਇਸ ਦਿਨ ਨਾਲ ਖੇਤੀਕਾਮੇ ਨਵੇਂ ਸਿਰੇ ਤੋਂ
ਆਪਣੀ ਮਜਦੂਰੀ ਤੈਅ ਕਰਕੇ ਸਾਲ ਭਰ ਲਈ ਆਪਣਾ ਕੰਮਕਾਰ ਸ਼ੁਰੂ ਕਰਦੇ ਸਨ । ਜੋ ਹੁਣ
ਸਮੇਂ ਦੀ ਗਰਦਿਸ਼ ਵਿੱਚ ਅਲੋਪ ਜਿਹਾ ਹੋ ਕੇ ਰਹਿ ਗਿਆ ਹੈ । ਹੁਣ ਅਸੀ ਦੇਖਦੇਂ ਹਾਂ ਕਿ
ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜਗਾਰ ਦੇਣ ਦੇ ਵਾਅਦੇ ਕੀਤੇ ਸਨ ਪਰ ਸਰਕਾਰ ਦਾ ਸਾਢੇ
ਚਾਰ ਸਾਲ ਦਾ ਸਮਾਂ ਵੀ ਪੂਰਾ ਹੋਣ ਤੇ ਸਰਕਾਰ ਆਪਣੇ ਵਾਅਦਿਆਂ ਤੇ ਖਰਾ ਨਹੀਂ ਉੱਤਰ
ਸਕੀ । ਦੱਸਣਯੋਗ ਹੈ ਕਿ ਅੱਜ ਤੋਂ ਲਗਭਗ ਇੱਕ ਦਹਾਕਾ ਪਹਿਲਾਂ ਪੰਜਾਬ ਵਿੱਚ ਵੱਡੀ ਪੱਧਰ ਤੇ
ਪਸ਼ੂ ਮੇਲੇ ਲੱਗਦੇ ਸਨ । ਜਿਸ ‘ਚ ਮਾਨਸਾ ਜਿਲੇ੍ਹ ਵਿੱਚ ਵੀ ਬਰੇਟਾ , ਬੁਢਲਾਡਾ ਅਤੇ ਮਾਨਸਾ
ਵਿੱਚ ਵੱਡੇ ਪਸ਼ੂ ਮੇਲੇ ਲੱਗਦੇ ਸਨ ਜਦੋਂ ਤੱਕ ਇਨਾਂ੍ਹ ਪਸ਼ੂ ਮੇਲਿਆਂ ਦਾ ਪ੍ਰਬੰਧ ਸਰਕਾਰ
ਦੇ ਅਧੀਨ ਸੀ ਤਾਂ ਇਹ ਮੇਲੇ ਲੋਕਾਂ ਲਈ ਰੁਜਗਾਰ ਦਾ ਵੱਡਾ ਸਾਧਨ ਬਣੇ ਹੋਏ ਸਨ ਪ੍ਰੰਤੂ
ਜਦੋਂ ਤੋਂ ਇਹ ਮੇਲੇ ਠੇਕਾ ਪ੍ਰਣਾਲੀ ਤਹਿਤ ਆ ਗਏ ਉਦੋਂ ਤੋਂ ਹੀ ਲੋਕਾਂ ਦਾ ਰੁਜਗਾਰ
ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ, ਕਿਉਂਕਿ ਪੰਜਾਬ ਦੀ ਮੱਧਵਰਗੀ ਕਿਸਾਨੀ ਜੋ
ਜਿਆਦਾਤਾਰ ਪਸ਼ੂ ਪਾਲਣ ਤੇ ਨਿਰਭਰ ਹੋ ਗੁਜਾਰਾ ਕਰਦੀ ਹੈ। ਉਨਾਂ ਦਾ ਵੀ ਪਸ਼ੂ ਪਾਲਣ
ਧੰਦੇ ਨਾਲੋ ਮੋਹ ਭੰਗ ਹੋ ਗਿਆ । ਬਰੇਟਾ ਵਿੱਚ ਪਿਛਲੇ ਸਮੇਂ ਦੌਰਾਨ ਚਾਰ ਪਸ਼ੂ ਮੇਲੇ
ਇੱਕ ਸਾਲ ਵਿੱਚ ਲੱਗਦੇ ਸਨ । ਅਠਾਰਾਂ ਜੇਠ ਵਾਲਾ ਪਸ਼ੂ ਮੇਲਾ ਤਾਂ ਮਸ਼ਹੂਰ ਪਸ਼ੂ ਮੇਲਿਆ
ਵਿੱਚੋ ਇੱਕ ਸੀ । ਜਿਸ ਤੋਂ ਇਸ ਇਲਾਕੇ ਦੇ ਹਰ ਵਰਗ ਨਾਲ ਜੁੜੇ ਲੋਕ ਚੋਖਾ ਲਾਭ ਲੇਦੈਂ ਸਨ
ਅਤੇ ਇਸ ਦੇ ਨਾਲ ਹੀ ਸਰਕਾਰ ਨੂੰ ਵੀ ਲਿਖਾਈ ਦੇ ਰੂਪ ਵਿੱਚ ਵੀ ਚੰਗਾ ਟੈਕਸ ਮਿਲ ਜਾਂਦਾ ਸੀ
। ਜੋ ਸਰਕਾਰੀ ਖਜਾਨੇ ਵਿੱਚ ਜਮਾਂ ਹੁੰਦਾ ਸੀ । ਇੱਥੇ ਪਸ਼ੂ ਮੇਲੇ ਲਈ ਲਗਭਗ 20 ਏਕੜ ਬਹੁ
ਕੀਮਤੀ ਜਗ੍ਹਾ ਹੈ । ਜਿਸ ਵਿੱਚ ਲੱਖਾਂ ਦੀ ਕੀਮਤ ਵਾਲੇ ਦਰੱਖਤ ਲੱਗੇ ਹੋਏ ਸਨ ਜੋ ਹੁਣ ਬਿਨਾਂ੍ਹ
ਸੰਭਾਲ ਤੋਂ ਸੁੱਕ ਰਹੇ ਹਨ ਅਤੇ ਗਿਣਤੀ ਦੇ ਦਰੱਖਤ ਹੀ ਬਿਨ੍ਹਾਂ ਸੰਭਾਲ ਤੋਂ ਬਾਕੀ ਬਚੇ
ਹਨ । ਜਿਨ੍ਹਾਂ ਵਿੱਚੋਂ ਬਹੁਤੇ ਤਾਂ ਲੋਕਾਂ ਵੱਲੋਂ ਕੱਟ ਲਏ ਗਏ ਹਨ ਅਤੇ ਇਸ ਜਗ੍ਹਾ ਤੇ ਹੋ
ਰਹੇ ਨਜਾਇਜ ਕਬਜਿਆਂ ਵੱਲ ਵੀ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ । ਇਸ ਤੋਂ
ਇਲਾਵਾ ਟਰੱਕ ਯੁਨੀਅਨਾਂ ਲਈ ਵੀ ਇਹ ਪਸ਼ੂ ਮੇਲੇ ਲਾਭ ਵਾਲੇ ਸਿੱਧ ਹੋਇਆ ਕਰਦੇ ਸਨ
ਕਿਉਕਿ ਇਨ੍ਹਾਂ ਪਸੂ ਮੰਡੀਆਂ ਵਿੱਚ ਟਰੱਕ ਹੀ ਢੋਅ ਢੁਆਈ ਦਾ ਕੰਮ ਕਰਦੇ ਸਨ ।
ਇਨ੍ਹਾਂ ਪਸ਼ੂ ਮੇਲਿਆਂ ਵਿੱਚ ਲਗਭਗ ਦਸ ਦਿਨ ਤੱਕ ਟਰੱਕ ਯੁਨੀਅਨ ਨੂੰ ਪੂਰਾ ਰੁਜਗਾਰ
ਮਿਲਦਾ ਸੀ ।ਇਸ ਤੋਂ ਇਲਾਵਾ ਪਸੂ ਮੰਡੀ ਵਿੱਚ ਪਸ਼ੂਆ ਦਾ ਸਜਾਵਟੀ ਸਮਾਨ ਜਿਨ੍ਹਾਂ ਵਿੱਚ
ਟੰਲੀਆਂ ,ਘੁੰਗਰਾਲਾਂ ,ਗਾਨੀਆਂ ਆਦਿ ਸਮਾਨ ਦੀਆਂ ਲੱਗਦੀਆਂ ਸਨ ਅਤੇ ਇਹ ਜਗ੍ਹਾ
ਦੁਕਾਨਦਾਰਾਂ ਨੂੰ ਬੁੱਕ ਕਰਾਉਣੀ ਪੈਂਦੀ ਸੀ । ਜਿਸ ਤੋਂ ਚੰਗੀ ਆਮਦਨ ਹੋ ਜਾਂਦੀ ਸੀ ।
ਗੱਲ ਕੀ ਪਸ਼ੂ ਮੇਲੇ ਬੰਦ ਹੋਣ ਕਾਰਨ ਚਾਹ ਵਾਲੀਆਂ ਦੁਕਾਨਾਂ, ਮਿੰਨੀ ਢਾਬੇ
ਹਲਵਾਈਆਂ ਦੀਆਂ ਦੁਕਾਨਾਂ ,ਹਰੇ ਚਾਰੇ ਦੀਆਂ ਟਾਲਾਂ ਦਾ ਕੰਮ ਬੰਦ ਹੋ ਗਿਆ, ਜੋ
ਛੋਟੇ ਦੁਕਾਨਦਾਰਾਂ ਲਈ ਚੰਗੀ ਆਮਦਨ ਦਾ ਸ੍ਰੋਤ ਸੀ ।
ਪਸ਼ੂ ਮੇਲਿਆ ਦਾ ਕੰੰਮ ਪ੍ਰਾਈਵੇਟ ਹੱਥਾਂ ਵਿੱਚ ਆਉਣ ਕਾਰਨ ਖਰੀਦ ਅਤੇ ਵੇਚ ਟੈਕਸ
ਚਾਰ ਫੀਸਦੀ ਹੋ ਗਿਆ ਭਾਵ ਕਿ ਜੋ ਪਸ਼ੂ ਸੱਠ ਹਜਾਰ ਦਾ ਵਿਕਦਾ ਸੀ , ਉਸ ਤੇ ਅਠਾਈ ਸੌ
ਰੁਪਏ ਸਰਕਾਰੀ ਤੌਰ ਲਿਖਾਈ ਦਾ ਪੈ ਗਿਆ , ਜੋ ਪਹਿਲਾ ਪ੍ਰਤੀ ਪਸ਼ੂ ਨਿਸ਼ਚਿਤ ਕੀਤਾ
ਹੋਇਆ ਸੀ , ਜੋ ਹੁਣ ਗੁਆਂਢੀ ਸੁਬੇ ਹਰਿਆਣਾ ਵਿੱਚ ਵੀ ਪ੍ਰਤੀ ਪਸ਼ੂ ਉਕਾ ਪੁਕਾ ਸਿਰਫ
ਸੌ -ਦੋ ਸੌ ਰੁਪਏ ਲੱਗਦਾ ਹੈ । ਜਿਸ ਕਾਰਨ ਹੁਣ ਰੁਝਾਨ ਹਰਿਆਣਾ ਦੀਆਂ ਮੰਡੀਆ ਵੱਲ
ਹੋ ਗਿਆ ਹੈ ।
ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਖਾਲੀ ਪਈ ਪਸ਼ੂ ਮੇਲੇ ਵਾਲੀ ਥਾਂ ਤੇ ਲੋਕਾਂ ਦੀ
ਸਹੂਲਤ ਲਈ ਕੋਈ ਚੀਜ਼ ਬਣਾਈ ਜਾਵੇ ਤਾਂ ਜੋ ਹੋ ਰਹੇ ਨਜਾਇਜ਼ ਕਬਜਿਆਂ ਤੇ ਰੋਕ ਲੱਗ ਸਕੇ ।
ਬਹੁਤੇ ਲੋਕ ਇਸ ਥਾਂ ਤੇ ਅਨੇਕਾਂ ਵਾਰ ਖੇਡ ਸਟੇਡੀਅਮ ਬਣਾਉਣ ਦੀ ਗੁਹਾਰ ਵੀ ਲਗਾ ਚੁੱਕੇ
ਹਨ ।