
ਚੰਡੀਗੜ੍ਹ/ਐਸ.ਏ.ਐਸ ਨਗਰ, 9 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਪ੍ਰੋਗਰਾਮ ਤਹਿਤ ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵਿਚ 117 ਵੈਟਨਰੀ ਅਫਸਰਾਂ ਦੀ ਭਰਤੀ ਕੀਤੀ ਗਈ ਹੈ। ਅੱਜ ਇੱਥੇ ਲਾਈਵ ਸਟਾਕ ਭਵਨ ਵਿਖੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਨਵ-ਨਿਯੁਕਤ ਵੈਟਨਰੀ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਪੇਂ।
ਇਸ ਮੌਕੇ ਨਵ-ਨਿਯੁਕਤ ਵੈਟਨਰੀ ਅਫਸਰਾਂ ਨੂੰ ਵਧਾਈ ਦਿੰਦਿਆਂ ਸ੍ਰੀ ਤਿ੍ਰਪਤ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵੇਂ ਅਫਸਰਾਂ ਦੀ ਤਾਇਨਤੀ ਨਾਲ ਪਸ਼ੂ ਪਾਲਣ ਵਿਭਾਗ ਦੇ ਕੰਮ ਨੂੰ ਹੋਰ ਗਤੀ ਮਿਲੇਗੀ ਅਤੇ ਪਸ਼ੂ ਪਾਲਕਾਂ ਨੂੰ ਹੋਰ ਵਧੀਆ ਸੇਵਵਾਂ ਮਿਲਣਗੀਆਂ।
ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰਦੇ ਡਾਕਟਰ ਮਨੁੱਖਾਂ ਦੇ ਇਲਾਜ਼ ਕਰਦੇ ਡਾਕਟਰਾਂ ਦੀ ਸੇਵਾ ਨਾਲੋਂ ਵੀ ਵੱਡੀ ਹੈ ਕਿਉਂਕਿ ਉਹ ਬੇਜੁਬਾਨਾਂ ਦਾ ਇਲਾਜ ਕਰਦੇ ਹਨ, ਜੋ ਖੁਦ ਬੋਲ ਕੇ ਆਪਣਾ ਦੁੱਖ ਦਰਦ ਨਹੀਂ ਦੱਸ ਸਕਦੇ।ਉਨ੍ਹਾਂ ਕਿਹਾ ਕਿ ਬੇਜੁਬਾਨਾਂ ਦੀ ਬਿਮਾਰੀ ਦਾ ਖੁਦ ਪਤਾ ਲਾ ਕੇ ਉਨ੍ਹਾਂ ਨੂੰ ਤੰਦਰੁਸਤ ਕਰਨ ਕਾਰਨ ਉਨ੍ਹਾਂ ਦੀ ਸੇਵਾ ਵੱਡੀ ਹੈ, ਜਿਸ ਲਈ ਅਸੀਸਾਂ ਦੇ ਪਾਤਰ ਵੀ ਬਣਦੇ ਹਨ।ਉਨ੍ਹਾਂ ਨਾਲ ਹੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਉੱਚਤਮ ਨਸਲ ਅਤੇ ਵਿਦੇਸ਼ੀ ਸੀਮਨ/ਭਰੂਣ ਮੁਹਈਆ ਕਰਵਾਏ ਜਾ ਰਹੇ ਹਨ, ਜਿਸ ਨਾਲ ਦੁੱਧ ਦੀ ਉਤਪਾਦਕਤਾ ਵਿੱਚ ਕਾਫੀ ਵਾਧਾ ਹੁੰਦਾ ਹੈ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵੀ. ਕੇ. ਜੰਜੂਆ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ/ਪਸ਼ੂ ਪਾਲਕਾਂ ਦੇ ਪਸ਼ੂਧਨ ਦੀ ਨਸਲ ਸੁਧਾਰ ਲਈ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਡੇਅਰੀ ਦੇ ਕਿੱਤੇ ਨੂੰ ਸੂਬੇ ਵਿਚ ਹੋਰ ਵਿਕਸਤ ਕਰਕੇ ਲੋਕਾਂ ਲਈ ਹੋਰ ਲਾਹੇਵੰਦ ਬਣਾਇਆ ਜਾ ਸਕੇ।
ਉਨ੍ਹਾਂ ਇਸ ਦੇ ਨਾਲ ਹੀ ਦੱਸਿਆ ਕਿ ਪਸ਼ੂ ਪਾਲਕਾਂ ਲਈ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਪਸ਼ੂ ਪਾਲਕਾਂ ਦੀ ਸਹਾਇਤਾ ਲਈ ਵਿਭਾਗ ਵੱਲੋਂ ਕੋਈ ਕਸਰ ਨਹੀ ਛੱਡੀ ਜਾਵੇਗੀ।
ਇਸ ਮੌਕੇ ਤੇ ਜੁਆਇੰਟ ਡਾਇਰੈਕਟਰ ਪਸ਼ੂ ਪਾਲਣ ਡਾ. ਐਚ. ਐਸ. ਕਾਹਲੋਂ ਨੇ ਤੇ ਪੰਜਾਬ ਸਟੇਟ ਵੈਟਨਰੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਤੋਂ ਇਲਾਵਾ ਵਿਭਾਗ ਦੇ ਹੋਰ ਸੀਨੀਅਰ ਅਫਸਰ ਵੀ ਮੌਜੂਦ ਸਨ।
