
ਮਾਨਸਾ (ਸਾਰਾ ਯਹਾਂ): ਕਾਂਗਰਸੀ ਆਗੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅੱਜ ਦੁਪਹਿਰ ਬਾਅਦ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ। ਪੰਜ ਡਾਕਟਰਾਂ ਦੀ ਟੀਮ ਵੱਲੋਂ ਸਿਵਲ ਹਸਪਤਾਲ ਵਿੱਚ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਜਾਣਕਾਰੀ ਮੁਤਾਬਕ ਭਲਕੇ ਮੂਸੇਵਾਲਾ ਪਿੰਡ ‘ਚ ਮਰਹੂਮ ਗਾਇਕ ਦਾ ਸਸਕਾਰ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਸਰੀਰ ‘ਤੇ ਦੋ ਦਰਜਨ ਦੇ ਕਰੀਬ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਰਿਪੋਰਟ ਮੁਤਾਬਕ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਤਰ੍ਹਾਂ ਦੇ ਹਥਿਆਰਾਂ ਤੋਂ ਗੋਲੀਆਂ ਚਲਾਈਆਂ ਗਈਆਂ ਹਨ। ਹਾਲਾਂਕਿ ਅਜੇ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਹਨਾਂ ਦੇ ਸਰੀਰ ‘ਤੇ ਕਿੰਨੀਆਂ ਗੋਲੀਆਂ ਲੱਗੀਆਂ ਹਨ। ਪੋਸਟ ਮਾਰਟਮ ਦੌਰਾਨ ਹਸਪਤਾਲ ਦੇ ਬਾਹਰ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਵਸੇਰਾ ਦੇ ਸੈਂਪਲ ਲੈ ਕੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਜੇ ਤੱਕ ਪੋਸਟਮਾਰਟਮ ਦੇ ਨਤੀਜੇ ਪੁਲਿਸ ਨਾਲ ਸਾਂਝੇ ਨਹੀਂ ਕੀਤੇ ਗਏ ਹਨ।
ਦਸ ਦਈਏ ਕਿ ਪਹਿਲਾਂ ਪਰਿਵਾਰ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਹਨਾਂ ਵੱਲੋਂ ਪਹਿਲਾਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹੀ ਪੋਸਟਮਾਰਟਮ ਦੀ ਗੱਲ ਆਖੀ ਗਈ ਸੀ।
