
ਫਗਵਾੜਾ 5 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਪਿਛਲੇ ਅੱਠ ਸਾਲ ਤੋਂ ਸਮਾਜ ਸੇਵਾ ਵਿਚ ਰੁੱਝੀ ਪਰਿਆਸ ਸੰਸਥਾ ਵਲੋਂ ਅਡਾਪਟ ਕੀਤੇ ਹੋਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੁਸ਼ਿਆਰਪੁਰ ਚੌਕ ਫਗਵਾੜਾ ਵਿਖੇ ‘ਮਿਡ ਡੇ ਮੀਲ’ ਦੇ ਕੰਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੇ ਮਨੋਰਥ ਨਾਲ ਕਰੀਬ 25 ਹਜਾਰ ਰੁਪਏ ਦੀ ਲਾਗਤ ਨਾਲ 20 ਫੁੱਟ ਲੰਬੀ ਅਤੇ 15 ਫੁੱਟ ਚੌੜੀ ਸ਼ੈਡ ਬਣਵਾਈ ਗਈ ਹੈ। ਜਿਸ ਨੂੰ ਪਰਿਆਸ ਦੇ ਕਨਵੀਨਰ ਸ਼ਕਤੀ ਮਹਿੰਦਰੂ ਅਤੇ ਸਾਥੀਆਂ ਵਲੋਂ ਰਸਮੀ ਉਦਘਾਟਨ ਦੇ ਨਾਲ ਸਕੂਲ ਨੂੰ ਸਮਰਪਿਤ ਕੀਤਾ ਗਿਆ। ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਇਸ ਸਕੂਲ ਵਿਚ 175 ਬੱਚੇ ਪੜ੍ਹਦੇ ਹਨ। ਜਿਹਨਾਂ ਦੇ ਲਈ ਮਿਡ ਡੇ ਮੀਲ ਤਿਆਰ ਕਰਨ ਵਿਚ ਸਟਾਫ ਨੂੰ ਜਗ੍ਹਾ ਘੱਟ ਹੋਣ ਕਰਕੇ ਮੁਸ਼ਕਿਲ ਪੇਸ਼ ਆ ਰਹੀ ਸੀ। ਇਸ ਸਮੱਸਿਆ ਨੂੰ ਦੇਖਦੇ ਹੋਏ ਸ਼ੈੱਡ ਤਿਆਰ ਕਰਕੇ ਅੱਜ ਸਕੂਲ ਦੇ ਮਿਡ ਡੇ ਮੀਲ ਸਟਾਫ ਨੂੰ ਸਮਰਪਿਤ ਕੀਤੀ ਗਈ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਪਰਿਆਸ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਅਤੇ ਲਗਾਤਾਰ ਸਮਾਜ ਸੇਵਾ ਦੇ ਕਾਰਜ਼ਾਂ ਨੂੰ ਅੱਗੇ ਤੋਰਨ ਲਈ ਭਰਪੂਰ ਸ਼ਲਾਘਾ ਕੀਤੀ। ਪਤਵੰਤਿਆਂ ਨੇ ਸਕੂਲ ਦੇ ਚੌਗੀਰਿਦੇ ਵਿਚ ਛਾਂਦਾਰ ਦਰਖ਼ਤਾਂ ਦੇ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਵੀ ਦਿੱਤਾ। ਅਖੀਰ ਵਿਚ ਸ਼ਕਤੀ ਮਹਿੰਦਰੂ ਨੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਅੱਠ ਸਾਲ ਪਹਿਲਾਂ ਅਡਾਪਟ ਕੀਤੇ ਇਸ ਸਕੂਲ ਦੇ ਸੁਧਾਰ ਦੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਸਕੂਲ ਇੰਚਾਰਜ ਨੀਤੂ ਪਾਲ ਨੇ ਮੁੱਖ ਮਹਿਮਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਪਰਿਆਸ ਸੰਸਥਾ ਦਾ ਸਕੂਲ ਵਿਖੇ ਪਹੁੰਚਣ ਅਤੇ ਸਕੂਲ ਦੀ ਬੇਹਤਰੀ ਲਈ ਲਗਾਤਾਰ ਕੀਤੇ ਜਾ ਰਹੇ ਸੇਵਾ ਕਰਜ਼ਾ ਲਈ ਧੰਨਵਾਦ ਕੀਤਾ। ਇਸ ਮੌਕੇ ਡੀ.ਐਸ ਜੱਸਲ, ਰਾਜਿੰਦਰ ਕੁਮਾਰ ਮਲਹੋਤਰਾ, ਐਡਵੋਕੇਟ ਜਤਿੰਦਰ ਸ਼ਰਮਾ, ਸੰਦੀਪ ਸ਼ਰਮਾ, ਸ਼ਾਮ ਸੁੰਦਰ ਗੁਪਤਾ ਤੋਂ ਇਲਾਵਾ ਸਕੂਲ ਸਟਾਫ ਸ਼ੈਲੀ ਕੋਹਲੀ ਅਤੇ ਕਮਲ ਕੁਮਾਰ ਆਦਿ ਹਾਜਰ ਸਨ।
