ਮਾਨਸਾ, 18 ਨਵੰਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਛੁੱਟੀ ਵਾਲੇ ਦਿਨਾਂ ਦੌਰਾਨ ਵੀ ਸਮੂਹ ਅਧਿਕਾਰੀ ਪਿੰਡਾਂ ਵਿਚ ਤੈਨਾਤ ਰਹਿਣਗੇ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਸਥਾਨਕ ਬੱਚਤ ਭਵਨ ਵਿਖੇ ਸਮੂਹ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਾਫੀ ਖੇਤੀ ਏਰੀਏ ਦੇ ਵਿਚ ਹਾਲੇ ਝੋਨੇ ਦਾ ਪਰਾਲ ਪਿਆ ਹੈ ਜਿਸ ਦਾ ਯੋਗ ਪ੍ਰਬੰਧਨ ਕਰਵਾਉਣਾ ਲਾਜ਼ਮੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਕਿਤੇ ਵੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਉਨ੍ਹਾਂ ਆਦੇਸ਼ ਦਿੱਤੇ ਕਿ ਇਸ ਦੇ ਲਈ ਨਿਰਵਿਘਨ ਅਧਿਕਾਰੀ ਪਿੰਡਾਂ ਵਿਚ ਤੈਨਾਤ ਰਹਿਣਗੇ। ਕਿਸੇ ਪ੍ਰਕਾਰ ਦੀ ਵੀ ਕੋਈ ਢਿੱਲ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨ੍ਹਾਂ ਪਿੰਡਾਂ ਵਿਚ ਫਸਲ ਦੀ ਕਟਾਈ ਹਾਲੇ ਨਹੀਂ ਹੋਈ ਜਾਂ ਕਟਾਈ ਉਪਰੰਤ ਪਰਾਲੀ ਖੇਤ ਵਿਚ ਹੀ ਪਈ ਹੈ ਉਨ੍ਹਾਂ ਪਿੰਡਾਂ ਵਿਚ ਵਧੇਰੇ ਚੌਕਸੀ ਰੱਖੀ ਜਾਵੇ। ਲੋੜ ਪੈਣ ’ਤੇ ਪੁਲਿਸ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਲਈ ਜਾਵੇ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਵੱਖ ਵੱਖ ਪਿੰਡਾਂ ਵਿਚ ਲਗਾਈਆਂ ਗਈਆਂ ਪੁਲਿਸ ਟੀਮਾਂ ਨੂੰ ਚੌਕਸ ਰਹਿ ਕੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਹਿਯੋਗ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸਿਵਲ ਤੇ ਪੁਲਿਸ ਅਧਿਕਾਰੀਆਂ ਦਾ ਸਹਿਯੋਗ ਕਰਦਿਆਂ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਉਚਿਤ ਪ੍ਰਬੰਧਨ ਕਰਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੈਂਬੀ, ਐਸ.ਪੀ. ਜਸਕੀਰਤ ਸਿੰਘ, ਡਾ. ਸੀ.ਕੇ ਦਿਕਸ਼ਤ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।