*ਪਰਾਲੀ ਸਾੜਨ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਕਿਸਾਨਾਂ ਦਾ ਜਵਾਬ, ਪਟਾਕਿਆਂ, ਫੈਕਟਰੀਆਂ ਤੇ ਭੱਠਿਆਂ ਦਾ ਪ੍ਰਦੂਸ਼ਨ ਕਿਉਂ ਨਹੀਂ ਦਿੱਸਦਾ?*

0
11

ਬਰਨਾਲਾ 05,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): 32 ਜਥੇਬੰਦੀਆਂ ‘ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 401ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਦਿਵਾਲੀ ਵਾਲੀ ਬੀਤੀ ਸ਼ਾਮ ਸੰਘਰਸ਼ੀ ਪਿੜਾਂ ਵਿੱਚ ਕਿਸਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੀਵੇ ਜਗਾਏ ਗਏ।

ਧਰਨਾਕਾਰੀ ਮਰਦ ਔਰਤਾਂ,ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਧਰਨੇ ਵਾਲੀ ਥਾਂ ‘ਤੇ ਪਹੁੰਚੀਆਂ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ। ਜਗਦੇ ਦੀਵੇ ਤੇ ਮੋਮਬੱਤੀਆਂ ਹੱਥਾਂ ‘ਚ ਫੜ ਕੇ ਆਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਭਲਕੇ 6 ਤਰੀਕ ਨੂੰ ਲੋਕ-ਕਵੀ ਸੰਤ ਰਾਮ ਉਦਾਸੀ ਦੀ ਬਰਸੀ ਧਰਨੇ ਵਾਲੀ ਥਾਂ ‘ਤੇ ਹੀ ਮਨਾਈ ਜਾਵੇਗੀ।

ਬੁਲਾਰਿਆਂ ਨੇ ਅੱਜ ਦਿਵਾਲੀ ਦੇ ਪਟਾਕਿਆਂ ਕਾਰਨ ਸ਼ਹਿਰਾਂ ਦੀ ਜ਼ਹਿਰੀਲੀ ਹੋਈ ਹਵਾ ਦੀ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ‘ਤੇ ਦਿਨ ਰਾਤ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਨਾ ਤਾਂ ਪਟਾਕਿਆਂ ਦਾ ਪ੍ਰਦੂਸ਼ਣ ਦਿਖਦਾ ਹੈ ਤੇ ਨਾ ਹੀ ਫੈਕਟਰੀਆਂ, ਭੱਠਿਆਂ ਆਦਿ ਦਾ। ਪਰਾਲੀ ਵਾਲੇ ਪਰਦੂਸ਼ਣ ਦੀ ਮਾਤਰਾ 8 ਫੀਸਦੀ ਤੋਂ ਵੀ ਘੱਟ ਬਣਦੀ ਹੈ ਪਰ ਰੌਲਾ ਸਭ ਤੋਂ ਵਧ ਪਰਾਲੀ ਦਾ ਪਾਇਆ ਜਾਂਦਾ ਹੈ। ਕਿਸਾਨ ਪਰਾਲੀ ਮਜਬੂਰੀ-ਵੱਸ ਜਲਾਉਂਦੇ ਹਨ, ਸ਼ੌਕ ਨੂੰ ਨਹੀਂ। ਜੇਕਰ ਸਰਕਾਰ ਪਰਾਲੀ ਦਾ ਕੋਈ ਹੱਲ ਕੱਢੇ, ਕਿਸਾਨ ਕਦੇ ਵੀ ਪਰਾਲੀ ਨਹੀਂ ਸਾੜਨਗੇ।

ਅੱਜ ਬੁਲਾਰਿਆਂ ਨੇ ਇੱਕ ਵਾਰ ਫਿਰ ਡੀਏਪੀ ਖਾਦ ਦੀ ਕਿੱਲਤ ਦਾ ਮੁੱਦਾ ਉਭਾਰਿਆ। ਜਿਵੇਂ ਜਿਵੇਂ ਕਣਕ ਦੀ ਬਿਜਾਈ ਦੀ ਤਰੀਕ ਨਜਦੀਕ ਆ ਰਹੀ ਹੈ, ਖਾਦ ਦਾ ਇੰਤਜ਼ਾਮ ਨਾ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ। ਜੇਕਰ ਹਾਲਤ ਨਾ ਸੁਧਰੀ ਤਾਂ ਕਣਕ ਦੀ ਬਿਜਾਈ ਲੇਟ ਹੋ ਸਕਦੀ ਹੈ ਜਿਸ ਕਾਰਨ ਝਾੜ ਬਹੁਤ ਘਟ ਸਕਦਾ ਹੈ।ਆਗੂਆਂ ਨੇ ਕਿਹਾ ਕਿ ਸਰਕਾਰ ਖਾਦ ਦੀ ਸਪਲਾਈ ਠੀਕ ਕਰਨ ਲਈ ਕੋਈ ਕਦਮ ਨਹੀਂ ਉਠਾ ਰਹੀ ਜਦੋਂ ਕਿ ਟਾਹਰਾਂ ਦਿਨ-ਰਾਤ ਕਿਸਾਨ ਹਿਤੈਸ਼ੀ ਹੋਣ ਦੀਆਂ ਮਾਰੀਆਂ ਜਾਂਦੀਆਂ ਹਨ। ਸਰਕਾਰ ਤੁਰੰਤ ਖਾਦ ਦੀ ਕਿੱਲਤ ਦੂਰ ਕਰੇ।

NO COMMENTS