
ਮਾਨਸਾ,7 ਅਕਤੂਬਰ(ਸਾਰਾ ਯਹਾ / ਮੁੱਖ ਸੰਪਾਦਕ):: ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਕੁਦਰਤੀ ਤਕਨੀਕਾਂ ਨਾਲ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇ ਵਿੱਚ ਜਿੱਥੇ ਪੰਜਾਬ ਦੀ ਜਵਾਨੀ ਬਾਹਰਲੇ ਮੁਲਕਾ ਦੀ ਹੋੜ ਵਿੱਚ ਲੱਗੀ ਹੈ, ਉੱਥੇ ਹੀ ਖੇਤੀ ਦੀ ਨੁਹਾਰ ਬਦਲ ਕੇ ਰੱਖ ਦੇਣ ਵਾਲੀ ਉਦਾਹਰਨ ਬਣ ਕੇ ਉੱਭਰ ਰਿਹਾ ਹੈ ਬੀਰੋਕੇ ਕਲਾਂ ਪਿੰਡ ਦਾ ਅਗਾਂਹਵਧੂ ਸੋਚ ਰੱਖਣ ਵਾਲਾ ਕਿਸਾਨ ਸੁਖਜੀਤ ਸਿੰਘ। ਉਨ੍ਹਾਂ ਦੱਸਿਆ ਕਿ ਸੁਖਜੀਤ ਸਿੰਘ ਨੇ ਆਪਣੀ ਉੱਚ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ ਤੋ ਪ੍ਰਾਪਤ ਕੀਤੀ ਅਤੇ ਇਸ ਉਪਰੰਤ ਉਸਨੇ ਆਪਣੀ ਅੱਠ ਏਕੜ ਜਮੀਨ ਵਿੱਚ ਵਿਲੱਖਣ ਤਕਨੀਕਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਸੁਖਜੀਤ ਸਿੰਘ ਪਿਛਲੇ ਚਾਰ ਸਾਲਾ ਤੋ ਕੁਦਰਤੀ ਤੌਰ ਤਕਨੀਕਾਂ ਨਾਲ ਖੇਤੀ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦੀ ਸਾਰੀ ਦੀ ਸਾਰੀ ਉਪਜ ਜ਼ਹਿਰ ਮੁਕਤ ਹੁੰਦੀ ਹੈ ਅਤੇ ਉਹ ਆਪਣੇ ਅੱਠ ਏਕੜ ਦੇ ਖੇਤ ਵਿੱਚ ਝੋਨੇ ਅਤੇ ਕਣਕ ਫਸਲੀ ਚੱਕਰ ਤੋ ਇਲਾਵਾ ਦਾਲਾਂ, ਹਲਦੀ, ਸੂਰਜਮੁਖੀ, ਸਬਜ਼ੀਆਂ ਦੀ ਕਾਸ਼ਤ ਅਤੇ ਹੋਰ ਮੂਲ ਅਨਾਜ ਦੀ ਪੈਦਾਵਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਖਜੀਤ ਸਿੰਘ ਆਪਣੀ ਖੇਤੀ ਵਿੱਚ ਬੈਡ ਪਲਾਂਟੇਸਨ ਅਤੇ ਐੱਸ.ਆਰ.ਆਈ ਵਿਧੀ ਰਾਹੀਂ ਫਸਲਾਂ ਦੀ ਕਾਸ਼ਤ ਕਰ ਰਹੇ ਹਨ, ਜਿਸ ਸਬੰਧੀ ਉਹ ਦੱਸਦੇ ਹਨ ਕਿ ਉਨ੍ਹਾਂ ਦੀ ਪਾਣੀ ਦੀ ਲਾਗਤ ਕਾਫੀ ਘਟੀ ਹੈ।ਉਨ੍ਹਾਂ ਦੱਸਿਆ ਕਿ ਸੁਖਜੀਤ ਸਿੰਘ ਪਿਛਲੇ ਪੰਜ ਵਰਿਆਂ ਤੋ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀ ਲਗਾ ਰਹੇ ਅਤੇ ਬੜੇ ਮਾਣ ਨਾਲ ਦੱਸਦੇ ਹਨ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀਆਂ ਫਸਲਾ ਦਾ ਝਾੜ ਵਧਿਆ ਹੈ ਅਤੇ ਜਮੀਨ ਦੀ ਸਿਹਤ ਵੀ ਸੁਧਰੀ ਹੈ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਵਰਨਣਯੋਗ ਹੈ ਕਿ ਇਨ੍ਹਾਂ ਕੋਲ ਕੋਈ ਵੀ ਖੇਤੀਬਾੜੀ ਸੰਦ ਆਪਣਾ ਨਹੀ ਹੈ, ਸਾਰੇ ਲੋੜੀਦੇ ਸੰਦ ਉਹ ਕਿਰਾਏ ਦੇ ਵਰਤਦੇ ਹਨ।ਉਨ੍ਹਾਂ ਦੱਸਿਆ ਕਿ ਸੁਖਜੀਤ ਸਿੰਘ ਸਪਨਾ ਕਲੱਬ ਅਤੇ ਹੋਰ ਕਿਸਾਨ ਕਲੱਬਾ ਵਲੋ ਮਾਣ-ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਸੁਖਜੀਤ ਸਿੰਘ ਨੇ ਦੱਸਿਆ ਕਿ ਕਿ ਖੇਤੀਬਾੜੀ ਵਿਭਾਗ ਨੇ ਉਹਨਾਂ ਨੂੰ ਦੂਰ- ਦਰਾਡੇ ਮੇਲਿਆਂ ਤੱਕ ਸ਼ਿਰਕਤ ਕਰਵਾਕੇ ਸਮੇਂ ਦਾ ਹਾਣੀ ਅਤੇ ਨਵੀਤਮ ਤਕਨੀਕਾਂ ਦਾ ਹਾਣੀ ਬਣਾਇਆਂ ਹੈ ਜਿਸ ਦੇ ਸਦਕਾ ਅੱਜ ਉਨ੍ਹਾਂ ਨੇ ਆਪਣੀ ਖੇਤੀ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।
