*ਪਰਾਲੀ ਦੀਆਂ ਗੱਠਾਂ ਦੀ ਖ਼ਪਤ ਲਈ ਜ਼ਿਲ੍ਹੇ ਅੰਦਰ 3 ਬਾਇਓ ਮਾਸ ਪਲਾਂਟ ਸਥਾਪਿਤ, 2 ਹੋਰ ਪਲਾਂਟ ਲਾਉਣ ਦੀ ਯੋਜਨਾ*

0
41

ਮਾਨਸਾ, 01 ਜੁਲਾਈ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਪਰਾਲੀ ਦੀਆਂ ਗੱਠਾਂ ਦੀ ਖ਼ਪਤ ਲਈ ਜ਼ਿਲ੍ਹੇ ਅੰਦਰ 3 ਬਾਇਓ ਮਾਸ ਪਲਾਂਟ ਸਥਾਪਤ ਕੀਤੇ ਗਏ ਹਨ, ਬੇਲਰ ਚਾਲਕ ਪਰਾਲੀ ਦੀਆਂ ਗੱਠਾਂ ਨੂੰ ਬਣਾ ਕੇ ਵੇਚਣ ਲਈ ਇੰਨ੍ਹਾਂ ਪਲਾਂਟ ਨਾਲ ਰਾਬਤਾ ਕਰਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਨੇ ਦਿੱਤੀ।
ਉਨ੍ਹਾਂ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਬੇਲਰ ਚਾਲਕਾਂ ਨੂੰ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਬੇਲਰ ਚਲਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਲਰ ਚਾਲਕ ਪਿੰਡਾਂ ਵਿਚ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚਣ ਲਈ ਬਾਇਓ ਮਾਸ ਇੰਡਸਟੀਜ਼ ਨਾਲ ਰਾਬਤਾ ਕਰਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਵਿਚ ਮਾਲ ਵਿਭਾਗ ਦੇ ਅਧਿਕਾਰੀਆਂ, ਸਬੰਧਤ ਸਰਪੰਚ ਅਤੇ ਨੰਬਰਦਾਰ ਸਹਿਯੋਗ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਬੇਲਰ ਦੀ ਵਰਤੋਂ ਕਰਕੇ ਪਰਾਲੀ ਦੀਆਂ ਗੱਠਾਂ ਬਣਾਉਣ ਨੂੰ ਤਰਜੀਹ ਦੇਣ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਨੇ ਬੇਲਰ ਚਾਲਕਾਂ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾਂ ਰਹੀ ਸੀ.ਆਰ.ਐਮ. ਸਕੀਮ ਅਤੇ ਸਮੈਮ ਸਕੀਮ ਵਿੱਚ ਸਹਿਕਾਰੀ ਸਭਾਵਾਂ, ਪੰਚਾਇਤਾਂ, ਰਜਿਸਟਰਡ ਕਿਸਾਨ ਗਰੁੱਪ, ਐਫ.ਪੀ.ਓ. ਅਤੇ ਨਿੱਜੀ ਕਿਸਾਨ ਬੇਲਰ ਜਾਂ ਹੋਰ ਮਸ਼ੀਨਾਂ ਸਬਸਿਡੀ ’ਤੇ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ agrimachinerypb.com ’ਤੇ 20 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ।
ਐਸ.ਡੀ.ਓ. ਪ੍ਰਦੂਸ਼ਣ ਕੰਟਰੋਲ ਬੋਰਡ, ਇੰਜ. ਹਰਸਿਮਰਨ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ ਵਿੱਚ ਕੁੱਲ 3 ਬਾਇਓ ਮਾਸ ਪਲਾਂਟ ਸਥਾਪਿਤ ਹਨ ਅਤੇ 2 ਹੋਰ ਪਲਾਂਟ ਲਗਾਏ ਜਾ ਰਹੇ ਹਨ, ਜੋ ਕਿ ਪਰਾਲੀ ਦੀਆਂ ਗੱਠਾਂ ਦੀ ਖ਼ਪਤ ਕਰਨਗੇ, ਜਿਨ੍ਹਾਂ ਦੀ ਇੱਕ ਸੀਜ਼ਨ ਦੌਰਾਨ ਕੁੱਲ ਪਰਾਲੀ ਖਪਤ ਕਰਨ ਦੀ ਸਮਰੱਥਾ ਤਕਰੀਬਨ ਇੱਕ ਲੱਖ, ਸੱਤਰ ਹਜ਼ਾਰ ਟਨ ਹੋਵੇਗੀ। ਜਿਸ ਨਾਲ ਬੇਲਰ ਚਾਲਕਾਂ ਲਈ ਵਧੀਆ ਮੌਕੇ ਪੈਦਾ ਹੋਣਗੇ।
ਇਸ ਮੌਕੇ ਬੇਲਰ ਚਾਲਕਾਂ ਵੱਲੋਂ ਆਪਣਾ ਸੁਝਾਅ ਦਿੰਦਿਆਂ ਕਿਹਾ ਗਿਆ ਹੈ ਕਿ ਜਿੰਨ੍ਹਾਂ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਉਨ੍ਹਾਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਬੇਲਰ ਦੀ ਵਰਤੋਂ ਕਰਕੇ ਗੱਠਾਂ ਬਣਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਬੇਲਰ ਹੇਠਾਂ ਰਕਬਾ ਹੋਰ ਵਧ ਸਕੇ।
ਇਸ ਮੌਕੇ ਇੰਜ. ਪ੍ਰਭਦੀਪ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ ਮਾਨਸਾ, ਸ੍ਰੀ ਜਗਤਾਰ ਸਿੰਘ ਨਿਰੀਖਕ ਸਹਿਕਾਰੀ ਸਭਾਵਾਂ ਮਾਨਸਾ ਅਤੇ ਹੋਰ ਕਿਸਾਨ ਮੌਜੂਦ ਸਨ। 

NO COMMENTS