
(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਵਿੱਚ ਪਰਲ ਕੰਪਨੀ(ਪਰਲ ਸਕੈਮ) ਦਾ ਮਾਮਲਾ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ ਤੇ ਹੁਣ ਇਸ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਕਾਨੂੰਨੀ ਤੌਰ ਤੇ ਰਸਤੇ ਸਾਫ਼ ਕਰਕੇ ਓਹ ਜਾਇਦਾਦ ਸਰਕਾਰ ਆਪਣੇ ਕਬਜ਼ੇ ਚ ਲੈ ਕੇ ਲੋਕਾਂ ਦਾ ਸਾਰਾ ਪੈਸਾ ਵਾਪਸ ਕਰਨ ਦਾ ਰਾਹ ਪੱਧਰਾ ਕਰ ਰਹੇ ਹਾਂ।
ਇਸ ਬਾਬਤ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, “ਪਰਲ ਕੰਪਨੀ ਨੇ ਲੱਖਾਂ ਲੋਕਾਂ ਦੀ ਮਿਹਨਤ ਦੇ ਕਰੋੜਾਂ ਰੁਪਏ ਖਾ ਲਏ …ਪੰਜਾਬ ਵਿੱਚ ਪਰਲ ਕੰਪਨੀ ਦੀ ਬਹੁਤ ਜਾਇਦਾਦਾਂ ਨੇ …ਅਸੀਂ ਕਾਨੂੰਨੀ ਤੌਰ ਤੇ ਰਸਤੇ ਸਾਫ਼ ਕਰਕੇ ਓਹ ਜਾਇਦਾਦ ਸਰਕਾਰ ਆਪਣੇ ਕਬਜ਼ੇ ਚ ਲੈ ਕੇ ਲੋਕਾਂ ਦਾ ਸਾਰਾ ਪੈਸਾ ਵਾਪਸ ਕਰਨ ਦਾ ਰਾਹ ਪੱਧਰਾ ਕਰ ਰਹੇ ਹਾਂ …ਵੇਰਵੇ ਜਲਦੀ…”
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਦਾ ਪੈਸਾ ਲੁੱਟਣ ਵਾਲੀਆਂ ਚਿੱਟਫੰਡ ਕੰਪਨੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਲ ਤੇ ਕਰਾਊਨ ਵਰਗੀਆਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਆਮ ਲੋਕਾਂ ਦਾ ਇੱਕ-ਇੱਕ ਪੈਸਾ ਉਨ੍ਹਾਂ ਨੂੰ ਵਾਪਸ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ
ਪੰਜਾਬ ‘ਚ ਕੁਝ ਸਾਲ ਪਹਿਲਾਂ ਪਰਲ ਕੰਪਨੀ ਵੱਲੋਂ ਲੋਕਾਂ ਦੇ ਕਰੋੜਾਂ ਰੁਪਏ ਹੜੱਪ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਪਰਲ ਸਕੈਮ ਵੀ ਕਿਹਾ ਜਾਂਦਾ ਹੈ। ਇਸ ’ਚ ਮੱਧ ਵਰਗ ਦੇ ਲੋਕਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ ਸੀ। ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ ਮਾਲਕ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੋ ਹਾਲੇ ਵੀ ਜੇਲ੍ਹ ’ਚ ਹੈ ਪਰ ਲੋਕਾਂ ਦੇ ਪੈਸੇ ਅਜੇ ਤੱਕ ਵਾਪਸ ਨਹੀਂ ਕੀਤੇ। ਹਾਸਲ ਜਾਣਕਾਰੀ ਅਨੁਸਾਰ ਪਰਲ ਕੰਪਨੀ ਨੇ ਪੰਜਾਬ ਵਿੱਚ ਦਸ ਸਾਲਾਂ ਵਿੱਚ ਸਭ ਤੋਂ ਵੱਧ ਲੋਕਾਂ ਦੀ ਲੁੱਟ ਸੰਗਰੂਰ, ਬਰਨਾਲਾ, ਮਲੇਰਕੋਟਲਾ ਤੇ ਬਠਿੰਡਾ ਵਿੱਚ ਕੀਤੀ ਹੈ। ਕੰਪਨੀ ਨੇ ਮਾਲਵੇ ਦੇ ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਮੋਟੀ ਰਿਟਰਨ ਦਾ ਲਾਲਚ ਦੇ ਕੇ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ।
