ਚੰਡੀਗੜ੍ਹ 29,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਅੱਜ ਕਾਂਗਰਸ ਛੱਡਣ ਦਾ ਸੰਕੇਤ ਦਿੰਦਿਆਂ ਸਿਆਸੀ ਹਮਸਫਰ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣ ਲਿਆ ਹੈ। ਕਾਂਗਰਸ ਹਾਈਕਮਾਨ ਵੱਲੋਂ ਨੋਟਿਸ ਜਾਰੀ ਕਰਨ ਮਗਰੋਂ ਅੱਜ ਪਰਨੀਤ ਕੌਰ ਨੇ ਆਪਣੇ ਟਵੀਟਰ ਹੈਂਡਲ ‘ਤੇ ਪ੍ਰੋਫਾਈਲ ਫੋਟੋ ਬਦਲੀ ਹੈ। ਉਨ੍ਹਾਂ ਨੇ ’ਕੈਪਟਨ ਫਾਰ 2022’ ਫੋਟੋ ਲਾਈ ਹੈ ਜਿਸ ਤੋਂ ਸਪਸ਼ਟ ਹੈ ਕਿ ਪਰਨੀਤ ਕੌਰ ਕਾਂਗਰਸ ਛੱਡ ਆਪਣੇ ਪਤੀ ਦੀ ਪਾਰਟੀ ਵਿੱਚ ਜਾ ਰਹੇ ਹਨ।
ਦਰਅਸਲ ਕੈਪਟਨ ਤੇ ਕਾਂਗਰਸ ਦੇ ਰਸਤੇ ਵੱਖੋ-ਵੱਖ ਹੋਣ ਤੋਂ ਬਾਅਦ, ਸਵਾਲ ਉੱਠ ਰਿਹਾ ਸੀ ਕਿ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਕਿੱਧਰ ਜਾਣਗੇ। ਉਹ ਅਜੇ ਕਾਂਗਰਸ ਦੇ ਸੰਸਦ ਮੈਂਬਰ ਵਜੋਂ ਵੀ ਵਿਚਰ ਰਹੇ ਹਨ। ਹੁਣ ਪ੍ਰਨੀਤ ਕੌਰ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਸਾਹਮਣੇ ਆ ਗਏ ਹਨ।
ਹਲਾਂਕਿ ਬੀਤੇ ਦਿਨੀਂ ਪ੍ਰਨੀਤ ਕੌਰ ਇਹ ਤਾਂ ਇਸ਼ਾਰਾ ਕਰ ਗਏ ਸੀ ਕਿ ਉਹ ਆਪਣੇ ਪਰਿਵਾਰ ਦੇ ਨਾਲ ਹੀ ਰਹਿਣਗੇ। ਸੋਮਵਾਰ ਦੀ ਚੜ੍ਹਦੀ ਸਵੇਰ ਪ੍ਰਨੀਤ ਕੌਰ ਨੇ ਇਨ੍ਹਾਂ ਤਸੀਵਰਾਂ ਜ਼ਰੀਏ ਜਾਹਿਰ ਵੀ ਕਰ ਦਿੱਤਾ। ਯਾਨੀ ਹੁਣ ਪ੍ਰਨੀਤ ਕੌਰ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਆ ਗਏ ਹਨ। ਪ੍ਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ ਅਕਾਊਂਟ ‘ਤੇ 2022 ਵਿਧਾਨ ਸਭਾ ਚੋਣਾਂ ਲਈ ਲਗਾਈ ਹੈ। ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਇਕੱਠੇ ਨਜ਼ਰ ਆ ਰਹੇ ਹਨ।
ਕੈਪਟਨ ਦੇ ਕਾਂਗਰਸ ਦਾ ਹੱਥ ਛੱਡਣ ਤੋਂ ਬਾਅਦ ਪਾਰਟੀ ਨੂੰ ਸੰਕਤੇ ਮਿਲ ਚੁੱਕੇ ਸਨ ਕਿ ਹੁਣ ਪਟਿਆਲਾ ਤੋਂ ਸਾਂਸਦ ਤੇ ਕੈਪਟਨ ਦੇ ਪਤਨੀ ਪ੍ਰਨੀਤ ਕੌਰ 2022 ਲਈ ਕੈਪਟਨ ਦਾ ਸਾਥ ਦੇਣਗੇ। ਇਸੇ ਦੇ ਮੱਦੇਨਜ਼ਰ ਬੀਤੀ 24 ਨਵੰਬਰ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।