*ਪਬਲਿਕ ਕਾਲਜ ਬਣੇਗਾ ਸਰਕਾਰੀ ਕਾਲਜ, ਸਿਵਲ ਹਸਪਤਾਲ ਦੀ ਸਮਰੱਥਾ 50 ਤੋਂ ਵਧਾ ਕੇ 100 ਬਿਸਤਰਿਆਂ ਦੀ ਕੀਤੀ ਜਾਵੇਗਾ-ਮੁੱਖ ਮੰਤਰੀ*

0
53

ਸਮਾਣਾ, 29 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਕੱਲੇ ਐਲਾਨ ਹੀ ਨਹੀਂ ਕੀਤੇ ਬਲਕਿ ਲੋਕ ਹਿਤੂ ਫੈਸਲੇ ਲਾਗੂ ਕਰਕੇ ਟੈਕਸਾਂ ਥੱਲੇ ਦੱਬੇ ਹੋਏ ਲੋਕਾਂ ਨੂੰ ਰਾਹਤ ਦਿੱਤੀ ਹੈ। ਮੁੱਖ ਮੰਤਰੀ, ਅੱਜ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਵੱਲੋਂ ਅਨਾਜ ਮੰਡੀ ਵਿਖੇ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਵੀ ਉਨਾਂ ਦੇ ਨਾਲ ਮੌਜੂਦ ਸਨ।
ਅਨਾਜ ਮੰਡੀ ਵਿਖੇ ਲੋਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ. ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ. ਰਾਜਿੰਦਰ ਸਿੰਘ ਨੂੰ ਲੋਕਾਂ ਦਾ ਆਗੂ ਅਤੇ ਸਿਆਣਪ ਵਾਲਾ ਸਾਊ ਸਿਆਸਤਦਾਨ ਦੱਸਦਿਆਂ, ਉਨਾਂ ਵੱਲੋਂ ਕੀਤੀ ਮੰਗ ’ਤੇ ਸਮਾਣਾ ਦੇ ਪਬਲਿਕ ਕਾਲਜ ਨੂੰ ਸਰਕਾਰ ਦੇ ਅਧੀਨ ਲੈਣ ਸਮੇਤ ਸਿਵਲ ਹਸਪਤਾਲ ਦੀ ਸਮਰੱਥਾ 50 ਬਿਸਤਰਿਆਂ ਤੋਂ ਵਧਾ ਕੇ 100 ਬਿਸਤਰਿਆਂ ਦੀ ਕਰਨ ਦਾ ਵੀ ਐਲਾਨ ਕੀਤਾ। ਉਨਾਂ ਦੱਸਿਆ ਕਿ ਇਸ ਬਾਰੇ 1 ਜਨਵਰੀ ਦੀ ਕੈਬਨਿਟ ਮੀਟਿੰਗ ’ਚ ਪ੍ਰਵਾਨਗੀ ਦੇ ਕੇ ਸਮਾਣਾ ਨਿਵਾਸੀਆਂ ਨੂੰ ਰਸਮੀ ਤੋਹਫ਼ਾ ਦੇ ਦਿਤਾ ਜਾਵੇਗਾ। ਮੁੱਖ ਮੰਤਰੀ ਨੇ ਸਮਾਣਾ ਹਲਕੇ ਲਈ 5 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਉਨਾਂ ਦੇ ਸਿਆਸੀ ਗੁਰੂ ਹਨ, ਇਸ ਲਈ ਉਹ ਜੋ ਵੀ ਕਹਿਣਗੇ, ਸਮਾਣਾ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਹਰ ਮੰਗ ਪ੍ਰਵਾਨ ਕਰੇਗੀ।
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਨਾਜ ਮੰਡੀ ’ਚ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਨ ਲਈ ਲੋਕਾਂ ਦੇ ਨੇੜੇ ਅਤੇ ਮੰਚ ਦੇ ਅੱਗੇ ਚਲੇ ਗਏ, ਜਿੱਥੇ ਉਨਾਂ ਨੇ, ਡੀਜ਼ਲ ਤੇ ਪੈਟਰੋਲ ਸਮੇਤ ਸਸਤੀ ਬਿਜਲੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਫੈਸਲੇ ਕੀਤੇ, ਜਿਸ ਦਾ ਲਾਭ ਹਰ ਨਾਗਰਿਕ ਨੂੰ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਪਨੇ ਦਿਖਾ ਰਹੇ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ ਜਦੋਂ ਕਿ ਉਨਾਂ ਨੇ ਕਾਰਵਾਈ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆ ਰਹੀ ਹੈ।
ਸ. ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਅਤੇ ਭਾਜਪਾ ਨੂੰ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਕਿਹਾ ਕਿ ਕਿਸਾਨੀ ਕਾਨੂੰਨਾਂ ਦੇ ਮਾਮਲੇ ’ਤੇ ਇਸ ਨੂੰ ਮੂੰਹ ਦੀ ਖਾਣੀ ਪਈ ਹੈ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਨਾਂ ਦੀ ਰੀਸ ਕਰ ਰਹੇ ਹਨ ਜਦਕਿ ਕੇਜਰੀਵਾਲ ਸੂਬੇ ਦੇ ਲੋਕ ਨੂੰ ਧੋਖਾ ਦੇ ਕੇ ਰਾਜ ਨੂੰ ਲੁੱਟਣ ਦੀ ਨੀਅਤ ਨਾਲ ਪੰਜਾਬ ਆ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਨਜ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੀ ਭਲਾਈ ਲਈ ਨਾ ਖ਼ੁਦ ਸੌਂਣਗੇ ਅਤੇ ਨਾ ਹੀ ਅਧਿਕਾਰੀਆਂ ਨੂੰ ਸੌਣ ਦੇਣਗੇ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਲਏ ਗਏ ਲੋਕ ਹਿਤੂ ਫੈਸਲਿਆਂ ਬਾਰੇ ਦੱਸਦਿਆਂ ਕਿਹਾ ਕਿ ਪਟਿਆਲਾ ’ਚ ਸਥਾਪਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਭਾਗਵਤ ਗੀਤਾ ਅਤੇ ਰਾਮਾਇਣ ਦਾ ਅਧਿਐਨ ਸੈਂਟਰ ਖੋਲਿਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਨੇ 22-23 ਰੁਪਏ ਰੇਟ ’ਤੇ ਵਿਕਦੇ ਰੇਤਾ ਦਾ ਰੇਟ ਦਰਿਆ ਦੀ ਖੱਡ ’ਤੇ 5.5 ਰੁਪਏ ਕੀਤਾ ਹੈ ਅਤੇ ਜੇਕਰ ਕੋਈ ਉਥੇ ਵੱਧ ਰੇਟ ਲੈਂਦੇ ਨੂੰ ਫੜਾਏਗਾ ਤਾਂ ਉਸਨੂੰ 25 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਥੋੜੇ ਸਮੇਂ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਸੂਬੇ ਦਾ ਹਰ ਵਰਗ ਖੁਸ਼ ਹੈ। ਉਨਾਂ ਨੇ ਭਾਜਪਾ ਅਤੇ ਉਸਦੇ ਨਾਲ ਰਲਣ ਵਾਲੇ ਆਗੂਆਂ ਨੂੰ ਅਮਰਵੇਲ ਦਸਦਿਆਂ ਲੋਕਾਂ ਨੂੰ ਇਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਸਮਾਣਾ ਦੇ ਵਿਧਾਇਕ ਸ. ਰਾਜਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਣਾ ਹਲਕੇ ’ਚ ਉਨਾਂ ਨੇ ਲੋਕਾਂ ਵਿਰੁੱਧ ਬਦਲਾ ਖੋਰੀ ਦੇ ਝੂਠੇ ਪਰਚੇ ਨਹੀਂ ਦਰਜ ਕੀਤੇ ਬਲਕਿ ਦਾ ਚੌਹਪੱਖੀ ਵਿਕਾਸ ਕਰਵਾਇਆ ਹੈ। ਸ. ਰਾਜਿੰਦਰ ਸਿੰਘ ਨੇ ਮੁੱਖ ਮੰਤਰੀ ਸ. ਚੰਨੀ ਵੱਲੋਂ ਪਬਲਿਕ ਕਾਲਜ ਨੂੰ ਸਰਕਾਰ ਅਧੀਨ ਲੈਣ ਸਮੇਤ ਸਿਵਲ ਹਸਪਤਾਲ ਦੀ ਸਮਰੱਥਾ ਵਧਾਉਣ ਅਤੇ ਹੋਰ ਮੰਗਾ ਪ੍ਰਵਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਦਾ ਸ. ਰਾਜਿੰਦਰ ਸਿੰਘ ਸਮੇਤ ਆੜਤੀਆ ਐਸੋਸੀਏਸ਼ਨ ਅਤੇ ਅਗਰਵਾਲ ਧਰਮਸ਼ਾਲਾ ਵੱਲੋਂ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ, ਐਸ.ਡੀ.ਐਮ. ਸਵਾਤੀ ਟਿਵਾਣਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਪ੍ਰਦੁਮਨ ਸਿੰਘ ਵਿਰਕ, ਰਤਨ ਸਿੰਘ ਚੀਮਾ, ਸ਼ਿਵ ਘੱਗਾ, ਪ੍ਰਦੀਪ ਸ਼ਰਮਾ, ਹੀਰਾ ਲਾਲ ਜੈਨ, ਸ਼ੰਕਰ ਜਿੰਦਲ, ਬਲਾਕ ਪ੍ਰਧਾਨ ਜੀਵਨ ਗਰਗ, ਡਾ. ਰਜਿੰਦਰ ਸਿੰਘ ਮੂੰਡਖੇੜਾ, ਚੇਅਰਮੈਨ ਤਰਸੇਮ ਸਿੰਘ ਝੰਡੀ ਤੇ ਸੋਨੀ ਸਿੰਘ, ਅਸ਼ਵਨੀ ਸਿੰਗਲਾ, ਲਖਵਿੰਦਰ ਸਿੰਘ ਲੱਖਾ, ਹਰਬੰਸ ਸਿੰਘ ਦਦਹੇੜਾ, ਅਵਿਨਾਸ਼ ਡਾਂਗ, ਸੁਖਬੀਰ ਲਹੌਰੀਆ, ਸੁਨੀਲ ਬੱਬਰ, ਸੰਦੀਪ ਲੂੰਬਾ, ਸਤਪਾਲ ਜੌਹਰੀ, ਯੂਥ ਪ੍ਰਧਾਨ ਮੰਨੂ ਸ਼ਰਮਾ, ਸੇਵਾ ਸਿੰਘ, ਰਜਿੰਦਰ ਕੁਮਾਰ ਬੱਲੀ, ਰਕੇਸ਼ ਜਿੰਦਲ, ਅਰਜਨ ਸਿੰਘ ਭਿੰਡਰ, ਯਾਦਵਿੰਦਰ ਧਨੌਰੀ ਸਮੇਤ ਸਮੁੱਚੇ ਕੌਂਸਲਰ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੇਅਰਮੈਨ, ਮੈਂਬਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ’ਚ ਮੌਜੂਦ ਸਨ।
************

LEAVE A REPLY

Please enter your comment!
Please enter your name here