ਪਟਿਆਲਾ ‘ਚ ਸੀ ਸਿਰਫ ਦੋ ਕੇਸ, ਇੱਕ ਬੰਦੇ ਨੇ ਵਿਗਾੜੀ ਖੇਡ, ਹੁਣ 26 ਤੱਕ ਪਹੁੰਚਿਆ ਅੰਕੜਾ

0
165

ਪਟਿਆਲਾ: ਕੈਪਟਨ ਦੇ ਸ਼ਹਿਰ ਪਟਿਆਲਾ ਵਿੱਚ ਕੋਰੋਨਾ ਨੇ ਕਹਿਰ ਮਚਾ ਦਿੱਤਾ ਹੈ। ਪਿਛਲੇ ਹਫਤੇ ਤੱਕ ਪਟਿਆਲਾ ਵਿੱਚ ਇੱਕ-ਦੋ ਕੇਸ ਹੀ ਸਨ। ਇਸ ਲਈ ਇਸ ਨੂੰ ਸੇਫ ਜ਼ੋਨ ਮੰਨਿਆ ਜਾ ਰਿਹਾ ਸੀ। ਅਚਾਨਕ ਹੀ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਹੁਣ ਮੁਹਾਲੀ ਤੇ ਜਲੰਧਰ ਤੋਂ ਬਾਅਦ ਪਟਿਆਲਾ ਤੀਜੇ ਨੰਬਰ ਤੇ ਹੈ। ਮੁਹਾਲੀ ਵਿੱਚ 61, ਜਲੰਧਰ ਵਿੱਚ 41 ਤੇ ਪਟਿਆਲਾ ਵਿੱਚ 26 ਕੇਸ ਹਨ। ਅਜੇ ਕਾਫੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਮਰੀਜ਼ਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਪਟਿਆਲਾ ਵਿੱਚ ਸ਼ਨੀਵਾਰ ਕਹਿਰ ਦਾ ਰੂਪ ਧਾਰ ਕੇ ਆਇਆ। ਇੱਕ ਹੀ ਦਿਨ ਵਿੱਚ 15 ਵਿਅਕਤੀਆਂ ਦੀਆਂ ਕਰੋਨਾਵਾਇਰਸ ਸਬੰਧੀ ਰਿਪੋਰਟਾਂ ਪੌਜ਼ੇਟਿਵ ਆਈਆਂ। ਇਹ 15 ਜਣੇ ਤਿੰਨ ਪਰਿਵਾਰਾਂ ਦੇ ਮੈਂਬਰ ਹਨ ਜਿਨ੍ਹਾਂ ਵਿੱਚੋਂ ਨੌਂ ਜਣੇ ਪਟਿਆਲਾ ਸ਼ਹਿਰ ਨਾਲ ਸਬੰਧਤ ਦੋ ਪਰਿਵਾਰਾਂ ਦੇ ਮੈਂਬਰ ਹਨ। ਇਨ੍ਹਾਂ ਦੇ ਘਰ ਪਹਿਲਾਂ ਹੀ ਕਰੋਨਾ ਪੌਜ਼ੇਟਿਵ ਆ ਚੁੱਕੇ ਕਿਤਾਬ ਵਿਕਰੇਤਾ ਦੇ ਘਰ ਦੇ ਨੇੜੇ ਹਨ। ਇੱਕ ਪਰਿਵਾਰ ਤਾਂ ਪੁਸਤਕ ਵਿਕਰੇਤਾ ਦਾ ਰਿਸ਼ਤੇਦਾਰ ਹੀ ਹੈ। ਤਿੰਨਾਂ ਪਰਿਵਾਰਾਂ ਦਾ ਆਪਸ ’ਚ ਚੰਗਾ ਮੇਲ-ਜੋਲ ਹੈ। ਇਹ ਸਾਰੇ ਕੇਸ ਇੱਕ ਹੀ ਬੰਦੇ ਨਾਲ ਜੁੜੇ ਹੋਏ ਹਨ।

ਦਰਅਸਲ ਪਟਿਆਲਾ ਸ਼ਹਿਰ ’ਚ ਪਹਿਲਾਂ ਭਾਵੇਂ ਦੋ ਹੀ ਮਰੀਜ਼ ਸਨ ਪਰ ਚਾਰ ਦਿਨ ਪਹਿਲਾਂ ਰਾਸ਼ਨ ਵੰਡਣ ਵਾਲੇ ਸਮਾਜ ਸੇਵੀ ਤੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਸ ਦੇ ਸੰਪਰਕ ’ਚ ਰਹੇ ਪੁਸਤਕ ਵਿਕਰੇਤਾ ਦਾ ਟੈਸਟ ਕੀਤਾ ਗਿਆ ਸੀ। ਉਸ ਦਾ ਟੈਸਟ ਪੌਜ਼ੇਟਿਵ ਆਉਣ ’ਤੇ ਤਿੰਨ ਪਰਿਵਾਰਕ ਮੈਂਬਰ ਵੀ ਪੌਜ਼ੇਟਿਵ ਪਾਏ ਗਏ ਜਿਸ ਮਗਰੋਂ ਹੀ ਉਸ ਦੇ ਗੁਆਂਢੀ ਦੋ ਪਰਿਵਾਰਾਂ ਦੇ ਨੌਂ ਜਣਿਆਂ ਦੇ ਟੈਸਟ ਕੀਤੇ ਗਏ ਜੋ ਅੱਜ ਪੌਜ਼ੇਟਿਵ ਪਾਏ ਗਏ।

ਉਧਰ, ਪੁਸਤਕ ਵਿਕਰੇਤਾ ਤੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਦੇ ਕਰੋਨਾ ਪੌਜ਼ੇਟਿਵ ਪਾਏ ਜਾਣ ਦਾ ਮਾਮਲਾ ਸਿਹਤ ਵਿਭਾਗ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਭਾਗ ਦੀ ਟੀਮ ਵੱਲੋਂ ਇਸ ਪੁਸਤਕ ਵਿਕਰੇਤਾ ਤੋਂ ਕਿਤਾਬਾਂ-ਕਾਪੀਆਂ ਖਰੀਦਣ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਅਜਿਹੇ ਕਈ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਕੰਟਰੋਲ ਰੂਮ ਨੰਬਰ ’ਤੇ ਖੁਦ ਹੀ ਸੰਪਰਕ ਕਰ ਕੇ ਕਿਤਾਬਾਂ ਖ਼ਰੀਦੇ ਜਾਣ ਦੀ ਇਤਲਾਹ ਦਿੱਤੀ ਹੈ।

LEAVE A REPLY

Please enter your comment!
Please enter your name here