
09,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ)ਪੰਜਾਬ ’ਚ ਪਟਵਾਰੀਆਂ ਦੀਆਂ ਆਸਾਮੀਆਂ ਲਈ ਭਰਤੀ ਬਾਰੇ ਇੱਕ ਵੱਡੀ ਖ਼ਬਰ ਆਈ ਹੈ। ਪੰਜਾਬ ’ਚ ਪਟਵਾਰੀ ਵਜੋਂ ਭਰਤੀ ਹੋਣ ਲਈ 2.33 ਲੱਖ ਤੋਂ ਵੱਧ ਉਮੀਦਵਾਰਾਂ ਦੀਆਂ ਅਰਜ਼ੀਆਂ ਆਈਆਂ ਹਨ; ਇੰਝ ਇਹ ਮੁਕਾਬਲਾ ਕਾਫ਼ੀ ਸਖ਼ਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪਟਵਾਰੀ ਭਰਤੀ ਪ੍ਰੀਖਿਆ 2021 ਲਈ ਖਾਲੀ ਆਸਾਮੀਆਂ ਵਾਸਤੇ 2 ਲੱਖ 33 ਹਜ਼ਾਰ 181 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ।
ਪੰਜਾਬ ’ਚ ਪਟਵਾਰੀ ਦੇ ਅਹੁਦੇ ਲਈ ਚੁਣੇ ਉਮੀਦਵਾਰਾਂ ਨੂੰ 18 ਮਹੀਨਿਆਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ; ਜਿਸ ਦੌਰਾਨ ਉਨ੍ਹਾਂ ਨੂੰ 5,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਟਾਈਪੈਂਡ ਦਿੱਤਾ ਜਾਵੇਗਾ। ਉਸ ਤੋਂ ਬਾਅਦ ਉਨ੍ਹਾਂ ਨੂੰ ਪਹਿਲੇ ਤਿੰਨ ਸਾਲਾਂ ਤੱਕ 20,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਫਿਰ ਪਟਵਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਪੇਅ ਸਕੇਲ ਲਾਗੂ ਕੀਤਾ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਪੰਜਾਬ ਵਿੱਚ ਪਟਵਾਰੀ, ਸਿੰਜਾਈ ਬੁਕਿੰਗ ਕਲਰਕ (ਪਟਵਾਰੀ) ਤੇ ਜ਼ਿਲ੍ਹੇਦਾਰ ਦੀਆਂ ਆਸਾਮੀਆਂ ਉੱਤੇ ਭਰਤੀ ਲਈ 14 ਜਨਵਰੀ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ। ਉਸ ਮੁਤਾਬਕ ਭਰਤੀ ਪ੍ਰਕਿਰਿਆ 14 ਜਨਵਰੀ ਤੋਂ ਸ਼ੁਰੂ ਹੋਈ, ਜੋ 11 ਫ਼ਰਵਰੀ, 2021 ਤੱਕ ਚਲੀ।
ਇਸ ਅਹੁਦੇ ਲਈ ਭਾਵੇਂ ਘੱਟੋ-ਘੱਟ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਰੱਖੀ ਗਈ ਸੀ ਪਰ ਇਸ ਲਈ ਪੋਸਟ ਗ੍ਰੈਜੂਏਟ, ਪੀਐੱਚ.ਡੀ. ਤੇ ਐੱਮ ਫ਼ਿਲ ਪਾਸ ਨੇ ਵੀ ਅਰਜ਼ੀਆਂ ਦਿੱਤੀਆਂ ਹਨ।
ਕੁੱਲ ਆਸਾਮੀਆਂ– 1152
1. ਪਟਵਾਰੀ (ਮਾਲ ਵਿਭਾਗ) – 1090 ਆਸਾਮੀਆਂ
2. ਸਿੰਜਾਈ ਬੁਕਿੰਗ ਕਲਰਕ – 26 ਆਸਾਮੀਆਂ
3. ਜਲ ਸਰੋਤ ਵਿਭਾਗ ’ਚ ਜ਼ਿਲ੍ਹੇਦਾਰ – 32 ਆਸਾਮੀਆਂ
4. ਪੀਡਬਲਿਊਆਰਡੀਸੀ ’ਚ ਜ਼ਿਲ੍ਹੇਦਾਰ – 04 ਆਸਾਮੀਆਂ
ਇਹ ਹਨ ਅਹਿਮ ਤਰੀਕਾਂ:
ਇਸ਼ਤਿਹਾਰ ਜਾਰੀ ਹੋਣ ਦੀ ਮਿਤੀ – 14 ਜਨਵਰੀ, 2021
ਆੱਨਲਾਈਨ ਅਰਜ਼ੀਆਂ ਦੇਣ ਦੀ ਤਰੀਕ – 14 ਜਨਵਰੀ, 2021
ਆੱਨਲਾਈਨ ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ – 11 ਫ਼ਰਵਰੀ, 2021
ਅਰਜ਼ੀ ਫ਼ੀਸ: ਇਨ੍ਹਾਂ ਆਸਾਮੀਆਂ ਵਾਸਤੇ ਅਰਜ਼ੀ ਦੇਣ ਲਈ ਅਣਰਾਖਵੇਂ ਵਰਗ ਤੇ ਓਬੀਸੀ ਵਰਗ ਦੇ ਉਮੀਦਵਾਰਾਂ ਲਈ 1,000 ਰੁਪਏ ਤੇ ਹੋਰ ਰਾਖਵੇਂ ਵਰਗ ਦੇ ਉਮੀਦਵਾਰਾਂ ਲਈ 200 ਰੁਪਏ ਬਿਨੈ–ਪੱਤਰ ਫ਼ੀਸ ਦੇਣੀ ਹੋਵੇਗੀ।
ਚੋਣ ਪ੍ਰਕਿਰਿਆ: ਆਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਲਿਖਤੀ ਪ੍ਰੀਖਿਆ ਦੇ ਆਧਾਰ ਉੱਤੇ ਕੀਤੀ ਜਾਵੇਗੀ। ਜਿਸ ਵਿੱਚ ਪਹਿਲਾ ਸਕ੍ਰੀਨਿੰਗ ਰੀਟੇਨ ਟੈਸਟ ਤੇ ਦੂਜਾ ਮੇਨ ਰੀਟੇਨ ਟੈਸਟ ਹੋਵੇਗਾ।
