ਨੌਜਵਾਨ ਸ਼ਹੀਦ ਕਿਸਾਨ ਜਤਿੰਦਰ ਸਿੰਘ ਜੈਲਦਾਰ ਦਾ ਭੋਗ ਤੇ ਅੰਤਮ ਅਰਦਾਸ ਅੱਜ ਫੱਤਾ ਮਾਲੋਕਾ ਵਿਖੇ

0
64

ਸਰਦੂਲਗੜ੍ਹ 26 ਦਸੰਬਰ (ਸਾਰਾ ਯਹਾ /ਬਲਜੀਤ ਪਾਲ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਸਮੂਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਸ਼ੰਘਰਸ਼ ਜਾਰੀ ਹੈ। ਦਿੱਲੀ ਵਿਖੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਧਰਨੇ ਦਿੱਤੇ ਹੋਏ ਹਨ। ਇਸ ਸੰਘਰਸ ਦੌਰਾਨ ਕੁਝ ਕਿਸਾਨ ਸ਼ਹੀਦ ਵੀ ਹੋਏ ਹਨ। ਜਿਨ੍ਹਾਂ ਵਿੱਚੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦਾ ਨੌਜਵਾਨ ਕਿਸਾਨ ਜਤਿੰਦਰ ਸਿੰਘ ਜੋ 16 ਦਸੰਬਰ ਨੂੰ ਆਪਣੇ ਸਾਥੀਆਂ ਸਮੇਤ ਦਿੱਲੀ ਵੱਲ ਨੂੰ ਜਾ ਰਹੇ ਸਨ ਤੇ ਰਸਤੇ ਵਿਚ ਹਿਸਾਰ ਦੇ ਨੇੜੇ ਉਨ੍ਹਾਂ ਦੇ ਟਰੈਕਟਰ ਨੂੰ ਪਿੱਛੋਂ ਕਿਸੇ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਜਤਿੰਦਰ ਸਿੰਘ ਜੈਲਦਾਰ ਸ਼ਹੀਦ ਹੋ ਗਏ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਜਤਿੰਦਰ ਸਿੰਘ ਦਾ ਜਨਮ 2 ਅਗਸਤ 1998 ਨੂੰ ਮਾਤਾ ਮਨਪ੍ਰੀਤ ਕੌਰ ਦੀ ਕੁੱਖੋਂ ਪਿਤਾ ਸੁਖਪਾਲ ਸਿੰਘ ਵਾਸੀ ਫੱਤਾ ਮਾਲੋਕਾ ਦੇ ਘਰ ਹੋਇਆ। ਉਸ ਨੇ ਪਿੰਡ ਦੇ ਸੈਕੰਡਰੀ ਸਕੂਲ ਤੋਂ ਬਾਰਵੀਂ ਅਤੇ ਐਨਲਾਈਟਨੇਡ ਕਾਲਜ ਝੁਨੀਰ ਤੋਂ ਬੀਏ. ਦੀ ਡਿਗਰੀ ਹਾਸਲ ਕੀਤੀ। ਪੜਿਆਂ-ਲਿਖਿਆ ਅਗਾਂਹਵਧੂ ਨੌਜਵਾਨ ਕਿਸਾਨ ਜਤਿੰਦਰ ਕਿਸਾਨੀ ਮੁੱਦਿਆਂ ਪ੍ਰਤੀ ਬਹੁਤ ਹੀ ਗੰਭਿਰ ਸੀ। ਕਾਲੇ ਕਾਨੂੰਨਾਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਆਮ ਲੋਕਾਂ ਨੂੰ ਲਗਾਤਾਰ ਜਾਣੂ ਕਰਵਾ ਰਿਹਾ ਸੀ। ਜਤਿੰਦਰ ਦਾ ਵਿਆਹ ਸਿਰਫ਼ 40 ਦਿਨ ਪਹਿਲਾਂ ਨੇੜਲੇ ਪਿੰਡ ਝੰਡੂਕੇ ਦੀ ਗੁਰਬਿੰਦਰ ਕੌਰ ਨਾਲ ਹੋਇਆ ਸੀ ਪਰ ਜਤਿੰਦਰ ਚ ਕਿਸਾਨੀ ਸੰਘਰਸ਼ ਪ੍ਰਤੀ ਏਨਾ ਜਜ਼ਬਾ ਸੀ ਕਿ ਆਪਣੀ ਨਵ-ਵਿਆਹੀ ਪਤਨੀ ਨੂੰ ਘਰ ਛੱਡ ਕੇ ਆਪ ਦਿੱਲੀ ਸ਼ੰਘਰਸ਼ ਲਈ ਚਾਲੇ ਪਾ ਦਿੱਤੇ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਜਤਿੰਦਰ ਸਿੰਘ ਦਾ ਵੱਡਾ ਭਰਾ ਇੰਦਰਜੀਤ ਸਿੰਘ ਜੋ ਕੈਨੇਡਾ ਵਿਖੇ ਰਹਿ ਰਿਹਾ ਹੈ। ਜਤਿੰਦਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਫੱਤਾ ਮਾਲੋਕਾ ਦੇ ਨਾਲ-ਨਾਲ ਪੂਰੇ ਹਲਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਜਤਿੰਦਰ ਦੇ ਅੰਤਮ ਸਸਕਾਰ ਮੌਕੇ ਇਲਾਕੇ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਚ ਬਾਹਰਲੀਆਂ ਸੰਗਤਾਂ ਨੇ ਵੀ ਉਸ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਜਤਿੰਦਰ ਬਚਪਨ ਤੋਂ ਹੀ ਹਸਮੁੱਖ ਸੁਭਾਅ ਦਾ ਮਾਲਕ ਸੀ।ਹਰ ਇੱਕ ਨਾਲ ਪਿਆਰ ਨਾਲ ਗੱਲ ਕਰਦਾ ਸੀ ਉਸ ਅੰਦਰ ਸਮਾਜ ਸੇਵਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਪਿੰਡ ਦੇ ਸੰਤ ਬਾਬਾ ਅਮਰ ਸਿੰਘ ਕਿਰਤੀ ਗੁਰਦੁਆਰਾ ਸਾਹਿਬ ਵਿਖੇ ਉਹ ਅਕਸਰ ਹੀ ਸੇਵਾ ਕਰਦਾ ਵਿਖਾਈ ਦਿੰਦਾ ਸੀ। ਪਿੰਡ ਦੇ ਨੌਜਵਾਨਾਂ ਵੱਲੋਂ ਬਣਾਈ ਗਈ ਸੰਤ ਬਾਬਾ ਅਮਰ ਸਿੰਘ ਕਿਰਤੀ ਸਮਾਜ ਸੇਵਾ ਸੋਸਾਇਟੀ ਵਿਚ ਉਹ ਸਰਗਰਮ ਮੈਂਬਰ ਸੀ ਅਤੇ ਪਿੰਡ ਦੇ ਸਮਾਜ ਸੇਵੀ ਅਤੇ ਸਾਂਝੇ ਕੰਮਾਂ ਵਿੱਚ ਉਹ ਮੂਹਰਲੀਆਂ ਕਤਾਰਾਂ ਵਿਚ ਰਹਿ ਕੇ ਕੰਮ ਕਰਦਾ ਸੀ। ਉਸ ਦੀ ਬੇਵਕਤੀ ਮੌਤ ਨਾਲ ਪੂਰੇ ਪਰਿਵਾਰ ਦੇ ਨਾਲ-ਨਾਲ ਪਿੰਡ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋਵੇਗਾ ਪਰ ਫਿਰ ਭੀ ਪਰਿਵਾਰ ਅਤੇ ਪਿੰਡ ਨੂੰ ਅਜਿਹੇ ਨੌਜਵਾਨ ਕਿਸਾਨ ਤੇ ਮਾਣ ਹੈ ਜਿਸ ਨੇ ਕਿਸਾਨੀ ਹੱਕਾਂ ਲੈਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਸ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਕਿਸਾਨ ਸੰਘਰਸ਼ ਦਾ ਦਿੱਲੋ ਸਾਥ ਦੇਈਏ ਅਤੇ ਕਾਲੇ ਕਾਨੂੰਨ ਵਾਪਸ ਹੋਣ ਤੱਕ ਸੰਘਰਸ਼ ਜਾਰੀ ਰੱਖੀਏ। ਸ਼ਹੀਦ ਕਿਸਾਨ ਜਤਿੰਦਰ ਸਿੰਘ ਜੈਲਦਾਰ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 27 ਦਸੰਬਰ ਦਿਨ ਅੇੈਤਵਾਰ ਨੂੰ ਸੰਤ ਬਾਬਾ ਅਮਰ ਸਿੰਘ ਕਿਰਤੀ ਗੁਰਦੁਆਰਾ ਸਾਹਿਬ ਫੱਤਾ ਮਾਲੋਕਾ (ਮਾਨਸਾ) ਵਿਖੇ ਬਆਦ ਦੁਪਹਿਰ 12:30 ਵਜੇ ਤੋਂ 1:00 ਵਜੇ ਤੱਕ ਹੋਵੇਗੀ। ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਕਿਸਾਨ, ਸੰਘਰਸ਼ਸ਼ੀਲ, ਸਮਾਜਿਕ ਤੇ ਧਾਰਮਿਕ ਜੱਥੇਬੰਦੀਆ, ਕਿਸਾਨਾਂ, ਰਿਸਤੇਦਾਰਾਂ, ਦੋਸਤਾਂ-ਮਿੱਤਰਾਂ ਵੱਲੋ ਸਰਧਾ ਦੇ ਫੁੱਲ ਭੇਟ ਕੀਤੇ ਜਾਣਗੇ।

LEAVE A REPLY

Please enter your comment!
Please enter your name here