ਨੌਜਵਾਨ ਆਈ.ਏ.ਐਸ. ਅਧਿਕਾਰੀ ਨੇ ਬੁਢਲਾਡਾ ਦੀ ਨੁਹਾਰ ਨੂੰ ਸੰਵਾਰਨ ਦਾ ਟੀਚਾ ਮਿੱਥਿਆ

0
134

ਮਾਨਸਾ, 20 ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ) : ਬੁਢਲਾਡਾ ਨੂੰ ਖ਼ੂਬਸੂਰਤ ਸ਼ਹਿਰ ਵਿਚ ਬਦਲਣ ਦੀ ਸੋਚ ਤਹਿਤ ਨੌਜਵਾਨ ਆਈ.ਏ.ਐਸ. ਅਧਿਕਾਰੀ ਸ੍ਰੀ ਸਾਗਰ ਸੇਤੀਆ ਵੱਲੋਂ ਇਕ ਨਵੇਂ ਪ੍ਰੋਜੈਕਟ ਦੀ ਵਿਉਂਤਬੰਦੀ ਕੀਤੀ ਗਈ ਹੈ।
ਹੱਥ ਨਾਲ ਬਣਾਏ ਗਏ ਚਿੱਤਰਾਂ ਰਾਹੀਂ ਆਪਣੇ ਪਹਿਲੇ ਪ੍ਰੋਜੈਕਟ ਦੀ ਝਲਕ ਸਾਂਝੀ ਕਰਦਿਆਂ ਸ੍ਰੀ ਸਾਗਰ ਸੇਤੀਆ, ਜੋ ਹਾਲ ਹੀ ਵਿਚ ਐਸ.ਡੀ.ਐਮ. ਬੁਢਲਾਡਾ ਵਜੋਂ ਤਾਇਨਾਤ ਹੋਏ ਹਨ, ਵੱਲੋਂ
ਇੱਕ ਪੂਰੀ ਗਲੀ ਦੇ ਨਵੀਨੀਕਰਨ ਵਜੋਂ ਰੇਲਵੇ ਰੋਡ ਨੂੰ ਸੁੰਦਰ ‘ਪਾਮ ਸਟਰੀਟ’ ਦੇ ਤੌਰ ‘ਤੇ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ।

‘ਪਾਮ ਸਟਰੀਟ’ ਪ੍ਰੋਜੈਕਟ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸੇਤੀਆ ਨੇ ਦੱਸਿਆ ਕਿ
ਪਾਮ ਸਟਰੀਟ ਵਜੋਂ ਇਸ ਰੋਡ ਨੂੰ ਸਥਾਪਤ ਕਰਨ ਦਾ ਉਦੇਸ਼ ਇਹ ਹੈ ਕਿ ਰਾਹਗੀਰਾਂ ਲਈ ਇਕ ਸੁੰਦਰ ਪੈਦਲ ਸੈਰਗਾਹ ਲਈ ਸੜਕ ਦੇ ਕਿਨਾਰੇ ਪਾਮ (ਖਜੂਰ) ਅਤੇ ਛਾਂਦਾਰ ਰੁੱਖ ਲਗਾ ਕੇ ਸਾਰੀ ਰੇਲਵੇ ਸੜਕ ਦਾ ਨਵੀਨੀਕਰਨ ਕੀਤਾ ਜਾਵੇ। ਸ੍ਰੀ ਸੇਤੀਆ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਤੋਂ ਇਲਾਵਾ ਬਾਜ਼ਾਰ ਆਉਣ ਵਾਲੇ ਲੋਕਾਂ ਦੀ ਸਹੂਲਤ ਵਜੋਂ ਵਾਹਨਾਂ ਦੀ ਪਾਰਕਿੰਗ ਦੀ ਸੁਵਿਧਾ ਅਤੇ ਆਕਰਸ਼ਕ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਰੋਡ ਇਕ ਛੋਟਾ ਪਰ ਜ਼ਿਆਦਾ ਚੱਲਣ ਵਾਲਾ ਰਾਸਤਾ ਹੈ ਜਿਸ ਵਿਚ ਵੱਡੀ ਗਿਣਤੀ ਦੁਕਾਨਾਂ ਹਨ।
ਸ੍ਰੀ ਸੇਤੀਆ, ਜੋ ਕਿ ਮਿਊਂਸਪਲ ਕੌਂਸਲ ਬੁਢਲਾਡਾ ਦੇ ਪ੍ਰਬੰਧਕ ਦੇ ਤੌਰ ‘ਤੇ ਵੀ ਚਾਰਜ ਸੰਭਾਲ ਰਹੇ ਹਨ, ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਢਲੇ ਪੜਾਅ ਵਜੋਂ ਸਭ ਤੋਂ ਵੱਡਾ ਕੰਮ ਸ਼ਹਿਰ ਵਿੱਚ  ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਅਕਤੀਆਂ ਨੇ 10-12 ਫੁੱਟ ਤੱਕ ਜਨਤਕ ਜ਼ਮੀਨ ਨੂੂੰ ਨਾਜਾਇਜ਼ ਕਬਜ਼ੇ ਵਿਚ ਲਿਆ ਹੋਇਆ ਹੈ, ਉਨ੍ਹਾਂ ਨੂੰ ਉਹ ਖ਼ੁਦ ਨਿੱਜੀ ਦਿਲਚਸਪੀ ਲੈ ਕੇ ਨਾਜਾਇਜ਼ ਕਬਜ਼ੇ ਹਟਵਾਉਣ ਲਈ ਪਹੁੰਚ ਕਰ ਚੁੱਕੇ ਹਨ ਤਾਂ ਕਿ ਗਲੀ ਨੂੰ ਸੁੰਦਰ ਬਣਾਉਣ ਦਾ ਕਾਰਜ ਆਰੰਭ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਨ੍ਹਾਂ ਵਿਅਕਤੀਆਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਖੁਦ ਹੀ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦੇਣਗੇ ਪਰ ਸ਼ਹਿਰ ਦੀ ਸੁੰਦਰਤਾ ਦੇ ਹਿਤ ਵਿਚ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਆਪਣੇ ਨਿੱਜੀ ਹਿੱਤਾਂ ਕਰਕੇ ਨਾਜਾਇਜ਼ ਕਬਜ਼ੇ ਨਹੀਂ ਹਟਾਉਣਗੇ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਸ.ਡੀ.ਐਮ. ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਦੁਆਰਾ ਭਰੋਸਾ ਦਿੱਤਾ ਗਿਆ ਹੈ ਕਿ  ਨਾਜਾਇਜ਼ ਕਬਜੇ ਹਟਵਾਉਣ ਲਈ ਸਹਿਯੋਗ ਦਿੱਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਬਹੁਤ ਘੱਟ ਲੋਕਾਂ ਦੇ ਨਿੱਜੀ ਹਿੱਤ ਇਕ ਵੱਡੇ ਸਮੂਹ ਦੇ ਹਿੱਤ ਨੂੰ ਪਛਾੜ ਨਹੀਂ ਸਕਦੇ।
ਇਸ ਦੌਰਾਨ ਐਸ.ਡੀ.ਐਮ. ਨੇ ਨਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਉਂਦੇ ਹੋਏ ਕਬਜ਼ਾਧਾਰੀਆਂ
ਨੂੰ ‘ਪਾਮ ਪ੍ਰੋਜੈਕਟ’ ਦਾ ਹਵਾਲਾ ਦੇ ਕੇ ਜਨਤਕ ਜ਼ਮੀਨ ਖਾਲੀ ਕਰਨ ਦੀ ਹਦਾਇਤ ਕੀਤੀ ਹੈ।  ਉਨ੍ਹਾਂ ਕਿਹਾ ਕਿ ਸੜਕ ਨੂੰ ਸੁੰਦਰ ਬਣਾਉਣਾ ਸ਼ਹਿਰ ਦੀ ਭਲਾਈ ਦੇ ਹਿੱਤ ਵਿਚ ਹੈ। ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਇਸ ਪ੍ਰੋਜੈਕਟ ਨੂੰ ਸਫਲ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here