
ਚੰਡੀਗੜ/ਲੁਧਿਆਣਾ, 17 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) – ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਜ਼ਿਲੇ ਵਿਚ ਤੀਸਰੀ ਲਹਿਰ ਨੂੰ ਰੋਕਣ ਲਈ ਹਰ ਯੋਗ ਵਿਅਕਤੀ ਨੂੰ ਜੀਵਨ-ਬਚਾਉਣ ਵਾਲੀ ਵੈਕਸੀਨ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਲਈ ਸੱਤ ਕੋਵਿਡ ਟੀਕਾਕਰਨ ਕੈਂਪਾਂ ਦਾ ਉਦਘਾਟਨ ਕੀਤਾ।
ਸਰਕਾਰੀ ਮਿਡਲ ਸਕੂਲ ਖਾਕਟ, ਸਰਕਾਰੀ ਪ੍ਰਾਈਮਰੀ ਸਕੂਲ ਰਾਈਆਂ, ਗੋਬਿੰਦਗੜ, ਮੁੰਡੀਆਂ ਕਲਾਂ, ਕੋਹਾੜਾ ਅਤੇ ਸਾਹਨੇਵਾਲ ਦੇ ਕੈਂਪਾਂ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਪ੍ਰਸ਼ਾਸਨ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਦਾ ਲੋੜੀਂਦਾ ਭੰਡਾਰ ਯਕੀਨੀ ਬਣਾਇਆ ਹੈ ਅਤੇ ਹੁਣ ਨੌਜਵਾਨਾਂ ਨੂੰ ਵੀ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਹੈ ਜੋਕਿ ਇਸ ਮਹਾਂਮਾਰੀ ਦੀ ਪਸਾਰ ਲੜੀ ਨੂੰ ਤੋੜਨ ਦਾ ਪ੍ਰਭਾਵਸ਼ਾਲੀ ਢੰਗ ਹੈ।

ਉਨਾਂ ਨੌਜਵਾਨ ਯੋਧਿਆਂ ਨੂੰ ਟੀਕਾਕਰਨ ਲਈ ਦੂਸਰਿਆਂ ਨੂੰ ਲਾਮਬੰਦ ਕਰਨ ਲਈ ਵੀ ਕਿਹਾ ਤਾਂ ਜੋ ਬਹੁਗਿਣਤੀ ਲੋਕਾ ਨੂੰ ਕਵਚ ਮੁਹੱਈਆ ਕਰਵਾਇਆ ਜਾ ਸਕੇ ਜੋ ਕੋਰੋਨਾ ਦੀ ਸੰਚਾਰ ਲੜੀ ਨੂੰ ਤੋੜਨ ਵਿੱਚ ਸਹਾਈ ਸਿੱਧ ਹੋਵੇਗਾ। ਉਨਾਂ ਨੌਜਵਾਨਾਂ ਨੂੰ ਆਪਣੇ ਸਾਥੀਆਂ ਨੂੰ ਵੀ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਉਹ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਅਤੇ ਉਨਾਂ ਦੇ ਆਂਢ-ਗੁਆਂਢ ਨੂੰ ਕੋਵਿਡ-19 ਤੋਂ ਬਚਾਅ ਕਰਨ ਦਾ ਵਾਅਦਾ ਕਰ ਸਕਣ ਜੋ ਅੱਗੇ ਜਾ ਕੇ 10 ਲੱਖ ਟੀਕਾਕਰਨ ਵਾਲੇ ਮੀਲ ਪੱਥਰ ਨੂੰ ਪ੍ਰਾਪਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ।
ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਸੂਬੇ ਦੇ ਸਮੂਹ ਨੌਜਵਾਨ ਆਪਣਾ ਟੀਕਾਕਰਨ ਕਰਵਾਉਣ ਲਈ ਅੱਗੇ ਆ ਰਹੇ ਹਨ। ਉਨਾਂ ਕਿਹਾ ਕਿ ਪੀ.ਵਾਈ.ਡੀ.ਬੀ. ਸਾਰੇ ਯੋਗ ਲੋਕਾਂ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦਿਵਾਉਣ ਲਈ ਠੋਸ ਯਤਨ ਕਰ ਰਹੀ ਹੈ ਅਤੇ ਪੀ.ਵਾਈ.ਡੀ.ਬੀ. ਜਲਦ ਤੋਂ ਜਲਦ ਯੋਗ ਲੋਕਾਂ ਦੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਤੱਤਪਰ ਹੈ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸਹਾਇਕ ਡਾਇਰੈਕਟਰ, ਦਵਿੰਦਰ ਲੋਟੇ, ਵਾਈਸ ਚੇਅਰਮੈਨ ਸਤਵੰਤ ਗਰਚਾ, ਹਰਦੀਪ ਮੁੰਡੀਆਂ, ਮਨਦੀਪ ਸਾਹਨੇਵਾਲ, ਸੀਤਾ ਕੋਹਾੜਾ, ਇੰਦਰਪਾਲ ਗਰੇਵਾਲ, ਜੱਸਾ ਰਾਈਆਂ, ਸ਼ਿੰਗਾਰਾ ਸਿੰਘ, ਹਰਵਿੰਦਰ ਪੱਪੀ, ਜਸ਼ਨਜੋਤ ਸ਼ੇਰਗਿੱਲ, ਜੋਗਿੰਦਰ ਟਾਈਗਰ, ਰਣਜੀਤ ਸੈਣੀ ਅਤੇ ਕਮਲ ਸ਼ਰਮਾ ਸ਼ਾਮਲ ਸਨ।

