ਮਾਨਸਾ 17 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ )—- ਖੇਡਾਂ ਸਿਰਫ ਮਨੋਰੰਜਨ ਹੀ ਨਹੀਂ ਬਲਕਿ ਸਾਨੂੰ ਸਰੀਰਕ ਤੰਦਰੁਸਤੀ ਦਿੰਦੀਆਂ ਹਨ, ਜਿਸ ਨਾਲ ਵਿਅਕਤੀ ਲੰਮੀ ਉਮਰ ਦੇ ਰਾਹ ਪੈਂਦਾ ਹੈ ਅਤੇ ਖੇਡਾਂ ਦੀ ਬਦੋਲਤ ਨੌਜਵਾਨ ਆਪਣੇ ਭਵਿੱਖ ਦੇ ਮਾਰਗ ਦਰਸ਼ਕ ਵੀ ਬਣਦੇ ਹਨ ਅਤੇ ਪੜ੍ਹਾਈ ਵਿੱਚ ਵੀ ਉਨ੍ਹਾਂ ਦੀ ਡਾਢੀ ਦਿਲਚਸਪੀ ਪੈਦਾ ਹੁੰਦੀ ਹੈ ਅਤੇ ਉਹ ਮਾੜੇ ਕੰਮਾਂ ਅਤੇ ਨਸ਼ਿਆਂ ਵੱਲ ਨਹੀਂ ਜਾਂਦੇ। ਇਸ ਨੂੰ ਲੈ ਕੇ ਐੱਸ.ਡੀ.ਐੱਮ ਪੂਨਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ” ਦੀ ਸ਼ੁਰੂਆਤ ਨੌਜਵਾਨੀ ਨੂੰ ਸੁਨੇਹਾ ਦਿੰਦੀ ਹੈ ਕਿ ਪੰਜਾਬ ਦੀ ਵਿਰਾਸਤ, ਸੱਭਿਅਤਾ ਦੇਸ਼ਾਂ-ਵਿਦੇਸ਼ਾਂ ਅਤੇ ਦੂਰ ਤੱਕ ਖੇਡਾਂ ਵਜੋਂ ਜਾਣੀ ਜਾਂਦੀ ਹੈ। ਜਿਸ ਵਿੱਚ ਪਹਿਲਵਾਨੀ, ਹਾੱਕੀ, ਕਬੱਡੀ, ਬਾਲੀਵਾਲ, ਖੋ-ਖੋ, ਰੱਸਾਕੱਸ਼ੀ, ਰੇਸਾਂ ਮੁਕਾਬਲੇ ਅਤੇ ਹੋਰ ਸਰੀਰਕ ਖੇਡਾਂ ਜੁੜੀਆਂ ਹੋਈਆਂ ਹਨ। ਨੌਜਵਾਨਾਂ ਨੂੰ ਜੋ ਅੱਜ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਤੋਂ ਰੁਝੇਵਿਆਂ ਕਾਰਨ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਇਹ ਖੇਡਾਂ ਮੁੜ ਖੇਡ ਮੈਦਾਨ ਵਿੱਚ ਲੈ ਕੇ ਆ ਰਹੀਆਂ ਹਨ, ਜਿਸ ਵਿੱਚ ਪ੍ਰਸ਼ਾਸ਼ਨਿਕ ਅਫਸਰ ਵੀ ਖੇਡਾਂ ਨਾਲ ਖੇਡਦੇ ਹਨ ਤਾਂ ਜੋ ਨੌਜਵਾਨਾਂ ਅੰਦਰ ਵੀ ਖੇਡ ਭਾਵਨਾ ਦੀ ਦਿਲਚਸਪੀ ਵਧੇ। ਉਨ੍ਹਾਂ ਕਿਹਾ ਕਿ ਖੇਡਾਂ ਦੇ ਅਜਿਹੇ ਮੌਕੇ ਘੱਟ ਹੀ ਮਿਲਦੇ ਹਨ, ਪਰ “ਖੇਡਾਂ ਵਤਨ ਪੰਜਾਬ ਦੀਆਂ” ਨੇ ਪੂਰੇ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਖੇਡਮਈ ਬਣਾ ਦਿੱਤਾ ਹੈ। ਜਿਨ੍ਹਾਂ ਖੇਡਾਂ ਦੀ ਬਦੋਲਤ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਅੰਦਰ ਖੇਡ ਦੀ ਚੀਣਗ ਪੈਦਾ ਹੋ ਗਈ ਹੈ, ਲਾਜਮੀ ਹੈ ਕਿ ਖੇਡਾਂ ਪੰਜਾਬ ਨੂੰ ਪੰਜਾਬੀ ਵਿਰਸੇ ਨਾਲ ਜੋੜਣਗੀਆਂ ਅਤੇ ਤੰਦਰੁਸਤ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨਗੀਆਂ। ਉਨ੍ਹਾਂ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੀ ਮਨਪਸੰਦ ਦੀ ਖੇਡ ਨੁੰ ਅਪਣਾਉਣ।