ਫ਼ਗਵਾੜਾ 24 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਧੀਆਂ ਦੀ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਨੈਸ਼ਨਲ ਗਰਲਜ਼ ਚਾਇਲਡ ਡੇ ਮੌਕੇ ‘ਬੇਟੀ ਬਚਾਓ, ਬੇਟੀ ਪੜਾਓ’ ਤਹਿਤ ਦਸਤਾਵੇਜ਼ੀ ਫਿਲਮ ‘ਬਦਲਾਵ’ ਰਿਲੀਜ ਕੀਤੀ ਗਈ।
5.57 ਮਿੰਟ ਦੀ ਇਸ ਫਿਲਮ ਦਾ ਆਧਾਰ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਔਰਤ ਦੀ ਮਹਾਨਤਾ ਬਾਰੇ ਕੀਤੇ ਉਚਾਰਨ ਨੂੰ ਬਣਾਇਆ ਗਿਆ ਹੈ,ਤਾਂ ਜੋ ਗੁਰਬਾਣੀ ਵਲੋਂ ਦਿਖਾਏ ਮਾਰਗ ਅਨੁਸਾਰ ਧੀਆਂ ਨੂੰ ਸਿੱਖਿਆ ਤੇ ਹੋਰਨਾਂ ਖੇਤਰਾਂ ਵਿਚ ਬਰਾਬਰ ਦੇ ਮੌਕੇ ਦੇ ਸਮਾਜਿਕ ਵਿਕਾਸ ਵਿਚ ਬਰਾਬਰ ਦੀ ਭਾਗੀਦਾਰੀ ਦਿੱਤੀ ਜਾ ਸਕੇ।ਫਿਲਮ ਰਾਹੀਂ ਪੰਜਾਬ ਸਰਕਾਰ ਵਲੋਂ ਇਕ ਔਰਤ ਦੇ ਗਰਭਵਤੀ ਹੋਣ ਤੋਂ ਲੈ ਕੇ ਲੜਕੀ ਦੇ ਜਨਮ ਅਤੇ ਵਿਆਹ ਤੱਕ ਮਿਲਦੀਆਂ ਸਹੂਲਤਾਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ।ਫਿਲਮ ਨੂੰ ਜਾਰੀ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਚੁੱਕੇ ਗਏ ਸੁਧਾਰਵਾਦੀ ਕਦਮਾਂ ਦੇ ਨਤੀਜੇ ਵਜੋਂ ਲਿੰਗ ਅਨੁਪਾਤ ਵਿਚ ਕਪੂਰਥਲਾ ਜਿਲ੍ਹਾ ਸੂਬੇ ਭਰ ਵਿਚ ਮੋਹਰੀ ਰਿਹਾ ਹੈ।ਕਪੂਰਥਲਾ ਜਿਲ੍ਹੇ ਵਿਚ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 987 ਹੈ,ਜੋ ਕਿ ਸੂਬੇ ਭਰ ਵਿਚ ਸਾਰੇ ਜਿਲ੍ਹਿਆਂ ਤੋਂ ਜਿਆਦਾ ਹੈ।
ਸ਼੍ਰੀ ਪੰਚਾਲ ਨੇ ਦੱਸਿਆ ਕਿ ‘ਬਦਲਾਵ’ ਫਿਲਮ ਬਣਾਉਣ ਦਾ ਮੰਤਵ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਲੜਕੀਆਂ ਨੂੰ ਜਨਮ ਤੋਂ ਲੈ ਕੇ ਵਿਆਹ ਤੱਕ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਆਪਕ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਕੋਈ ਵੀ ਯੋਗ ਲੜਕੀ ਇਸ ਤੋਂ ਵਾਂਝੀ ਨਾ ਰਹੇ।ਫਿਲਮ ਲਈ ਅਧਿਕਾਰੀਆਂ ਤੇ ਮਾਹਿਰਾਂ ਦੀ ‘ਕੰਸੈਪਟ ਕਮੇਟੀ’ ਵਲੋਂ ਸਕਰਿਪਟ ਤਿਆਰ ਕੀਤੀ ਗਈ। ਫਿਲਮ ਨੂੰ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਪਵਿੱਤਰ ਕਾਲੀ ਵੇਈਂ, ਇਤਿਹਾਸਕ ਸਰਕਾਰੀ ਗਰਲਜ਼ ਸਕੂਲ ਘੰਟਾ ਘਰ ਦੇ ਨਾਲ-ਨਾਲ ਆਂਗਣਵਾੜੀ ਕੇਂਦਰਾਂ, ਹਸਪਤਾਲਾਂ, ਪਿੰਡਾਂ ਤੇ ਸ਼ਹਿਰਾਂ ਵਿਚ ਸ਼ੂਟ ਕੀਤਾ ਗਿਆ ਹੈ ਤਾਂ ਜੋ ਫਿਲਮ ਵਿਚ ਕਪੂਰਥਲਾ ਜਿਲ੍ਹੇ ਦੀਆਂ ਮਹੱਤਵਪੂਰਨ ਥਾਵਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾ ਸਕੇ ਫਿਲਮ ਰਾਹੀਂ ਗਰਭਵਤੀ ਔਰਤਾਂ ਨੂੰ ਆਂਗਣਵਾੜੀ ਕੇਂਦਰਾਂ ਰਾਹੀਂ ਦਿੱਤੀ ਜਾਂਦੀ ਖੁਰਾਕ, ਜੱਚਾ-ਬੱਚਾ ਦੀ ਦੇਖਭਾਲ, ਸਿਹਤ ਵਿਭਾਗ ਵਲੋਂ ਮੁਫਤ ਸਿਹਤ ਜਾਂਚ ਮੁਫਤ ਟੀਕਾਕਰਨ, ਸਿੱਖਿਆ ਪੰਜਾਬ ਸਰਕਾਰ ਦੀਆਂ ਵੱਖ-ਵੱਖ ਵਜ਼ੀਫਾ ਯੋਜਨਾਵਾਂ, ਔਰਤਾਂ ਦੀ ਸੁਰੱਖਿਆ ਲਈ ਹੈਲਪਲਾਇਨ ਨੰਬਰਾਂ ਆਦਿ ਬਾਰੇ ਜਾਣੂੰ ਕਰਵਾਉਣ,ਸ਼ਗਨ ਸਕੀਮ ਤਹਿਤ ਮਿਲਦੀ 51000 ਰੁਪੈ ਦੀ ਰਾਸ਼ੀ ਦੇ ਨਾਲ-ਨਾਲ ਕੁੜੀਆਂ ਵਲੋਂ ਖੇਡਾਂ ,ਸਾਇੰਸ, ਰਾਜਨੀਤੀ ਦੇ ਖੇਤਰ ਵਿਚ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਫਿਲਮ ਨੂੰ ਜਿੱਥੇ ਲੜਕੀਆਂ ਦੀ ਭਲਾਈ ਲਈ ਯੋਜਨਾਵਾਂ ਬਾਰੇ ਲਾਭ ਲੈਣ ਲਈ ਜਾਗਰੂਕਤਾ ਵਾਸਤੇ ਵੱਖ-ਵੱਖ ਪਲੇਟ ਫਾਰਮਾਂ ਉੱਪਰ ਚਲਾਇਆ ਜਾਵੇਗਾ ਉੱਥੇ ਹੀ ਇਸ ਨੂੰ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਤੇ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਨਾਲ ਵੀ ਸਾਂਝਾ ਕੀਤਾ ਜਾਵੇਗਾ ਤਾਂ ਜੋ ਇਸਦਾ ਵਿਆਪਕ ਪੱਧਰ ’ਤੇ ਲਾਭ ਲਿਆ ਜਾ ਸਕੇ।ਇਸ ਮੌਕੇ ਜਿਲ੍ਹਾ ਲੋਕ ਸੰਪਰਕ ਅਫਸਰ ਸੁਬੇਗ ਸਿੰਘ ਧੰਜੂ ਤੇ ਜਿਲ੍ਹਾ ਪ੍ਰੋਗਰਾਮ ਅਫਸਰ ਰਾਜੀਵ ਢਾਂਡਾ ਨੇ ਦੱਸਿਆ ਕਿ ‘ਬਦਲਾਵ’ ਫਿਲਮ ਦੀ ਸਕਰਿਪਟ ਸਮਾਜ ਵਿਚ ਧੀਆਂ ਪ੍ਰਤੀ ਮਾਪਿਆਂ ਦੇ ਬਦਲੇ ਨਜ਼ਰੀਏ ਦੇ ਆਧਾਰ ’ਤੇ ਲਿਖੀ ਗਈ, ਜਿਸ ਤਹਿਤ ਕੁੜੀਆਂ ਨੂੰ ਚੁੱਲੇ ਚੌਂਕੇ ਤੋਂ ਬਾਹਰ ਨਿਕਲਕੇ ਸਮਾਜ ਦੀ ਤਰੱਕੀ ਲਈ ਹਰ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ ਹੈ।ਇਸ ਮੌਕੇ ਐਸ.ਐਸ.ਪੀ.ਗੌਰਵ ਤੂਰਾ,ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ,ਸਹਾਇਕ ਕਮਿਸ਼ਨਰ ਕਪਿਲ ਜਿੰਦਲ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।