
ਮਾਨਸਾ 28 ,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਬਠਿੰਡਾ ਸਾਇਕਲ ਗਰੁੱਪ ਵਲੋਂ ਸ਼ੁਰੂ ਕੀਤੀ ਮਹੀਨਾਵਾਰ ਸਾਇਕਲ ਰਾਈਡ ਦੇ 28ਵੇਂ ਦਿਨ 50 ਕਿਲੋਮੀਟਰ ਤੋਂ ਵੱਧ ਸਾਇਕਲ ਚਲਾਕੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ। ਇਹ ਜਾਣਕਾਰੀ ਦਿੰਦਿਆਂ ਸੁਰਿੰਦਰ ਬਾਂਸਲ ਜਿਨ੍ਹਾਂ ਨੇ ਵੈਕਸੀਨ ਦੀ ਪਹਿਲੀ ਡੋਜ ਲਗਵਾ ਲਈ ਹੈ ਨੇ ਦੱਸਿਆ ਕਿ ਜੋ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਹੋ ਰਿਹਾ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਇਨਸਾਨ ਨੂੰ ਦਿੱਕਤਾਂ ਆਉਂਦੀਆਂ ਹਨ ਅਜਿਹੇ ਪ੍ਰਚਾਰ ਬਿੱਲਕੁਲ ਗਲਤ ਹਨ,ਇਹ ਵੈਕਸੀਨ ਲਗਵਾਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ।
ਡਾਕਟਰ ਵਰੁਣ ਮਿੱਤਲ ਨੇ ਦੱਸਿਆ ਕਿ ਹਰੇਕ 60 ਸਾਲ ਤੋਂ ਉੱਪਰ ਦਾ ਇਨਸਾਨ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਅਧਾਰ ਕਾਰਡ ਲਿਜਾ ਕੇ ਇਹ ਟੀਕਾ ਬਿੱਲਕੁਲ ਮੁਫ਼ਤ ਲਗਵਾ ਸਕਦਾ ਹੈ ਅਤੇ 45 ਤੋਂ 60 ਸਾਲ ਉਮਰ ਦੇ ਸਰਕਾਰ ਵਲੋਂ ਜਾਰੀ ਬੀਮਾਰੀਆਂ ਦੀ ਸੂਚੀ ਵਾਲੇ ਮਰੀਜ਼ ਇਹ ਟੀਕਾ ਲਗਵਾ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਜਾਰੀ ਵੱਖ ਵੱਖ ਨਿਰਧਾਰਿਤ ਕੀਤੀਆਂ ਕੈਟਾਗਰੀਆਂ ਦੇ ਲੋਕ ਜਿਨ੍ਹਾਂ ਵਿੱਚ ਕਰੋਨਾ ਸਮੇਂ ਜ਼ਰੂਰੀ ਸੇਵਾਵਾਂ ਨਿਭਾਉਣ ਵਾਲੇ ਫਰੰਟ ਲਾਈਨ ਵਰਕਰ ਆਦਿ ਹਨ ਉਹ ਵੀ ਨੇੜੇ ਦੇ ਸਿਹਤ ਕੇਂਦਰ ਤੇ ਜਾ ਕੇ ਇਹ ਟੀਕਾ ਲਗਵਾ ਸਕਦੇ ਹਨ।
ਸੰਜੀਵ ਪਿੰਕਾ ਨੇ ਕਿਹਾ ਕਿ ਲੋਕਾਂ ਨੂੰ ਧਾਰਮਿਕ, ਰਾਜਨੀਤਕ ਇੱਕਠਾ ਵਾਲੇ ਪ੍ਰੋਗਰਾਮਾਂ ਚ ਜਾਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਅਤੇ ਬੇਲੋੜੇ ਸਮਾਜਿਕ ਪ੍ਰੋਗਰਾਮ ਕਰਨ ਤੋਂ ਵੀ ਕਿਨਾਰਾ ਕਰਨਾ ਚਾਹੀਦਾ ਹੈ।
ਇਸ ਮੌਕੇ ਰਮਨ ਗੁਪਤਾ,ਆਲਮ ਸਿੰਘ, ਸੁਰਿੰਦਰ ਬਾਂਸਲ, ਨਰਿੰਦਰ ਗੁਪਤਾ, ਸੰਜੀਵ ਪਿੰਕਾ, ਡਾਕਟਰ ਵਰੁਣ ਮਿੱਤਲ ਹਾਜ਼ਰ ਸਨ
