18 ਅਗਸਤ, ਬੁਢਲਾਡਾ (ਸਾਰਾ ਯਹਾਂ/ਮਹਿਤਾ ਅਮਨ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸਥਾਨਕ ਡਾ. ਕ੍ਰਿਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿੱਚ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈੰਪ ਲਗਾਇਆ ਗਿਆ, ਜਿੱਥੇ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਤੋਂ ਮਾਹਿਰ ਡਾਕਟਰ ਮੋਨਿਕਾ ਸਿੰਘ ਦੀ ਟੀਮ ਨੇ 200 ਦੇ ਕਰੀਬ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ। ਫਾਉਂਡੇਸ਼ਨ ਵੱਲੋਂ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈੰਪ ਵਿੱਚ ਦੋ ਦਰਜਨ ਦੇ ਕਰੀਬ ਲੋੜਵੰਦ ਮਰੀਜਾਂ ਦੀ ਚੋਣ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ਲਈ ਕੀਤੀ ਗਈ, ਜਿਹਨਾਂ ਦਾ ਅਪ੍ਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਕੀਤਾ ਜਾਵੇਗਾ। ਨੇਕੀ ਫਾਉਂਡੇਸ਼ਨ ਟੀਮ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਵੱਲੋਂ 500 ਤੋਂ ਵੱਧ ਮਰੀਜਾਂ ਦੇ ਅਪਰੇਸ਼ਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਅਗਲਾ ਕੈੰਪ 8 ਸਿਤੰਬਰ ਨੂੰ ਇਸੇ ਥਾਂ ਲਗਾਇਆ ਜਾਵੇਗਾ। ਮਰੀਜ਼ ਆਪਣਾ ਨਾਮ 87603-71000 ਹੈਲਪਲਾਈਨ ਉੱਤੇ ਦਰਜ਼ ਕਰਵਾ ਸਕਦੇ ਹਨ। ਇਸ ਮੌਕੇ ਸ਼ੰਕਰਾ ਹਸਪਤਾਲ ਦੀ ਟੀਮ ਦੇ ਕੰਚਨ ਮੰਡਲ, ਅਰਪਿਤਾ, ਨਵਨੀਤ ਕੌਰ, ਨਰਿੰਦਰਪਾਲ ਸਿੰਘ, ਕੈੰਪ ਇੰਚਾਰਜ ਹਰਕੋਮਲਜੀਤ ਸਿੰਘ, ਨੇਕੀ ਟੀਮ ਸਮੇਤ ਇਲਾਕੇ ਦੇ ਪਤਿਵੰਤੇ ਹਾਜਰ ਸਨ।