12 ਜਨਵਰੀ, ਬੁਢਲਾਡਾ (ਸਾਰਾ ਯਹਾਂ/ਮਹਿਤਾ ਅਮਨ) ਬੀਤੇ ਦਿਨੀਂ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਦੀ ਪ੍ਰੇਰਨਾ ਨਾਲ ਦੋ ਮ੍ਰਿਤਿਕਾਂ ਦੀਆਂ ਅੱਖਾਂ ਦਾਨ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਸ਼ਹਿਰ ਦੇ ਵਸਨੀਕ ਯਸ਼ਪਾਲ ਕੁਮਾਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦਾ ਪਤਾ ਲੱਗਿਆ ਤਾਂ ਸੰਸਥਾ ਨੇ ਪਰਿਵਾਰ ਦਾ ਦੁੱਖ ਸਾਂਝਾ ਕਰਦੇ ਹੋਏ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸੇ ਮੌਕੇ ਸੰਸਥਾ ਵੱਲੋਂ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਦੀ ਡਾਕਟਰੀ ਟੀਮ ਨੂੰ ਬੁਲਾਇਆ ਗਿਆ ਅਤੇ ਮ੍ਰਿਤਿਕ ਦੇ ਪੁੱਤਰ ਅਨੁਜ, ਭਰਾ ਜੀਵਨ ਕੁਮਾਰ, ਮਹਿੰਦਰ ਕੁਮਾਰ ਵੱਲੋਂ ਅੱਖਾਂ ਹਸਪਤਾਲ ਦੀ ਟੀਮ ਨੂੰ ਸੌਂਪੀਆਂ ਗਈਆਂ। ਇਸ ਦੇ ਨਾਲ ਹੀ ਜਦੋਂ ਦੇਰ ਰਾਤੀਂ ਲਾਗਲੇ ਪਿੰਡ ਬੋੜ੍ਹਾਵਾਲ ਦੇ ਬਜ਼ੁਰਗ ਗੁਰਦਿਆਲ ਸਿੰਘ ਦੀ ਮੌਤ ਦਾ ਸਮਾਚਾਰ ਸੰਸਥਾ ਨੂੰ ਮਿਲਿਆ ਤਾਂ ਉਹਨਾਂ ਦੀ ਪਤਨੀ ਜਸਵੰਤ ਕੌਰ, ਪੁੱਤਰ ਗੁਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੂੰ ਸੰਸਥਾ ਵੱਲੋਂ ਮ੍ਰਿਤਿਕ ਦੀਆਂ ਅੱਖਾਂ ਦਾਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਏਮਜ਼ ਹਸਪਤਾਲ ਬਠਿੰਡਾ ਦੀ ਟੀਮ ਮੌਕੇ ਤੇ ਬੁਲਾਈ ਗਈ ਅਤੇ ਪਰਿਵਾਰ ਨੇ ਅੱਖਾਂ ਦਾਨ ਕੀਤੀਆਂ। ਫਾਉਂਡੇਸ਼ਨ ਦੇ ਮੈਂਬਰਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਦੱਸੀ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਦੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਦੋ ਅਤੇ ਦੋ , ਚਾਰ ਵਿਅਕਤੀਆਂ ਨੂੰ ਦੀਆਂ ਅੱਖਾਂ ਨੂੰ ਰੌਸ਼ਨੀ ਮਿਲ ਜਾਵੇਗੀ।