ਬੁਢਲਾਡਾ, 20 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਜਿੱਥੇ ਅੱਜ ਸਾਰੀ ਦੁਨੀਆਂ ਕਰੋਨਾ ਦੇ ਡਰ ਤੋਂ ਪ੍ਰਭਾਵਿਤ ਹੋਕੇ ਆਪਣੇ ਘਰਾਂ ਵਿੱਚ ਬੈਠੀ ਹੈ, ਉੱਥੇ ਹੀ ਸਿਹਤ ਕਰਮਚਾਰੀ, ਪੁਲਿਸ ਕਰਮਚਾਰੀ, ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਆਪਣੀ ਭੂਮਿਕਾ ਹਰ ਥਾਂ ਉੱਤੇ ਨਿਭਾ ਰਹੇ ਹਨ। ਜ਼ਿਲ੍ਹੇ ਦੀ ਨਾਮਵਰ ਸੰਸਥਾ ਵੱਲੋਂ ਜਿੱਥੇ 750 ਪੀ ਪੀ ਈ ਕਿੱਟਾਂ ਖ਼ੁਦ ਤਿਆਰ ਕਰਕੇ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਵੰਡੀਆਂ ਜਾ ਰਹੀਆਂ ਹਨ, ਉਥੇ ਹੀ ਇਹ ਸੰਸਥਾ ਮਾਨਸਾ ਜ਼ਿਲ੍ਹੇ ਵਿੱਚ ਕਰੋਨਾ ਦੇ ਸੈਂਪਲ ਲੈ ਰਹੀ ਡਾਕਟਰਾਂ ਦੀ ਟੀਮ ਨੂੰ 150 ਕਿੱਟਾਂ ਭੇਂਟ ਕਰਕੇ ਉਹਨਾਂ ਦਾ ਮਾਣ ਵਧਾਉਣ ਪਹੁੰਚੀ। ਡਾ. ਰਣਜੀਤ ਸਿੰਘ ਰਾਏ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਉਹ ਇੱਕੋ ਇੱਕ ਈ ਐਨ ਟੀ ਡਾਕਟਰ ਹੋਣ ਕਰਕੇ, ਹੁਣ ਤੱਕ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ, 271 ਸੈਂਪਲ ਲੈ ਚੁੱਕੇ ਹਨ । ਉਹਨਾਂ ਦੀ ਟੀਮ ਬਿਨਾਂ ਕਿਸੇ ਡਰ ਭੈਅ ਤੋਂ ਸੇਵਾ ਵਿੱਚ ਜੁੜੀ ਹੋਈ ਹੈ। ਉਹਨਾਂ ਦੱਸਿਆ ਕਿ ਇੱਕ ਸਮਾਂ ਉਹ ਵੀ ਆ ਗਿਆ ਸੀ ਜਦੋਂ ਕਰੋਨਾ ਮਰੀਜਾਂ ਲਈ ਕੋਈ ਬੈੱਡ ਲਗਾਉਣ ਤੱਕ ਤਿਆਰ ਨਹੀਂ ਹੋ ਰਿਹਾ ਸੀ। ਪਰ ਉਹਨਾਂ ਦੀ ਟੀਮ ਨੇ ਰਾਤ ਨੂੰ ਆਕੇ ਬੇਧੜਕ ਬੈੱਡ ਲਗਾ ਦਿੱਤੇ। ਓਹਨਾਂ ਦਾ ਮੰਨਣਾ ਹੈ ਕਿ ਪੇਸ਼ੇ ਪੱਖੋਂ ਡਾਕਟਰ ਹੋਣ ਦੇ ਨਾਤੇ ਮਨੁੱਖੀ ਜਾਨਾਂ ਬਚਾਉਣਾ ਉਹਨਾਂ ਦਾ ਫਰਜ਼ ਹੈ। ਇਸ ਮੌਕੇ ਡਾ. ਸੰਤੋਸ਼ ਭਾਰਤੀ ਨੇ ਨੇਕੀ ਫਾਉਂਡੇਸ਼ਨ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਭਰ ਵਿੱਚ ਇਹ ਪਹਿਲੀ ਸੰਸਥਾ ਹੈ ਜਿਸਨੇ ਐਨੇ ਵੱਡੇ ਪੱਧਰ ਉੱਤੇ ਉਪਰਾਲਾ ਕੀਤਾ ਹੈ। ਸੰਸਥਾ ਦੇ ਮੈਂਬਰ ਨਿਤਿਨ ਬਾਂਸਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਾਰੀਆਂ ਕਿੱਟਾਂ 400 ਰੁਪਏ ਤੋਂ ਵੀ ਘੱਟ ਕੀਮਤ ਨਾਲ ਸਥਾਨਕ ਦਰਜ਼ੀ ਭਾਈਚਾਰੇ ਦੀ ਨਿਸ਼ਕਾਮ ਸੇਵਾ ਨਾਲ ਤਿਆਰ ਕੀਤੀਆਂ ਗਈਆਂ ਹਨ। ਨਿਤਿਨ ਨੇ ਦੱਸਿਆ ਕਿ ਇਹ ਕਿੱਟਾਂ ਤਿਆਰ ਕਰਨ ਵਿੱਚ ਜੈ ਕਾਲੀ ਮਾਤਾ ਮੰਦਿਰ ਅਤੇ ਧਰਮਸ਼ਾਲਾ ਕਮੇਟੀ ਦਾ ਜਗ੍ਹਾ ਮੁਹਾਇਆ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਨਿਤਿਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਫਾਉਂਡੇਸ਼ਨ ਵੱਲੋਂ ਹੋਰ ਵੀ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ, ਜੋ ਲੋੜਵੰਦ ਲੋਕਾਂ ਲਈ ਲਾਭਕਾਰੀ ਸਿੱਧ ਹੋਣਗੇ।