
ਹਰਚੋਵਾਲ 23,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਸ੍ਰੀ ਹਰਗੋਬਿੰਦਪਰ ਦੇ ਪਿੰਡ ਭਾਮ ਵਿੱਚ ਘਰੇਲੂ ਝਗੜੇ ਦਾ ਫੈਸਲਾ ਕਰਨ ਦੌਰਾਨ ਤੈਸ਼ ਵਿੱਚ ਆਏ ਨਿਹੰਗ ਸਿੰਘਾਂ ਨੇ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ ਵੱਢ ਦਿੱਤਾ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਵਾਸੀ ਭਾਮ ਦਾ ਘਰੇਲੂ ਝਗੜਾ ਹੋ ਗਿਆ। ਇਸ ਦਾ ਫੈਸਲਾ ਕਰਵਾਇਆ ਜਾ ਰਿਹਾ ਸੀ। ਫ਼ੈਸਲੇ ਵਿੱਚ ਖ਼ਾਲਸਾ ਡੇਅਰੀ ਦੇ ਨਿਹੰਗ ਸਿੰਘ ਵਾਸੀ ਵਿਠਵਾਂ ਵੀ ਪਹੁੰਚ ਗਏ। ਝਗੜੇ ਦੌਰਾਨ ਗੱਲਬਾਤ ਚੱਲ ਰਹੀ ਸੀ ਤੇ ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਨਿਹੰਗ ਸਿੰਘ ਤੈਸ਼ ਵਿੱਚ ਆ ਗਿਆ। ਉਸ ਨੇ ਆਪਣੀ ਤਲਵਾਰ ਕੱਢ ਕੇ ਸੁਖਵਿੰਦਰ ਸਿੰਘ ‘ਤੇ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਸੁਖਵਿੰਦਰ ਸਿੰਘ ਦਾ ਗੁੱਟ ਵੱਢਿਆ ਗਿਆ। ਜ਼ਖ਼ਮੀ ਹਾਲਤ ਵਿੱਚ ਸੁਖਵਿੰਦਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਤੱਕ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਦੱਸ ਦਈਏ ਕਿ ਸੁਖਵਿੰਦਰ ਸਿੰਘ ਕਾਂਗਰਸੀ ਲੀਡਰ ਹੈ ਤੇ ਪਿੰਡ ਦਾ ਸਾਬਕਾ ਸਰਪੰਚ ਹੈ। ਉਸ ਦਾ ਹਲਕੇ ਸ੍ਰੀ ਹਰਗੋਬਿੰਦਪੁਰ ਵਿੱਚ ਕਾਫ਼ੀ ਰਸੂਖ ਮੰਨਿਆ ਜਾਂਦਾ ਹੈ। ਉਹ ਬਾਜਵਾ ਪਰਿਵਾਰ ਨਾਲ ਸਬੰਧਤ ਹੈ।
