ਮਾਨਸਾ, 30 ਮਾਰਚ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਪਿੰਡ ਰੱਲਾ ਦੇ ਮਾਨਸਾ ਬਰਨਾਲਾ ਮੇਨ ਰੋਡ ਤੇ ਪੈਂਦੇ ਚੇਲਿਆਂ ਦੇ ਕੋਠਿਆਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਰਮਾਤਮਾ ਦੇ ਸ਼ੁਕਰਾਨੇ ਅਤੇ ਸਰਬਤ ਸੰਗਤਾਂ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ 26 ਮਾਰਚ ਨੂੰ ਕਰਵਾਏ ਗਏ ਅਤੇ 28 ਮਾਰਚ 2024 ਨੂੰ ਭੋਗ ਪਾਏ ਗਏ। ਜਿਸ ਦੌਰਾਨ ਬਾਬਾ ਮੱਖਣ ਸਿੰਘ ਜੀ ਰੱਲਾ ਨੇ ਆਪਣੇ ਰਸ ਭਿੰਨੇ ਕੀਰਤਨ ਕੀਤੇ ਅਤੇ ਸੰਗਤਾਂ ਨੂੰ ਬਾਣੀ ਨਾਲ ਜੋੜਨ ਲਈ ਪ੍ਰੇਰਣਾ ਦਿੱਤੀ। ਬਾਬਾ ਰਾਣਾ ਸਿੰਘ ਜੀ ਨੇ ਸਰਬੱਤ ਦੇ ਭਲੇ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਤੰਦਰੁਸਤੀ, ਤਰੱਕੀ ਅਤੇ ਚੜਦੀ ਕਲਾ ਲਈ ਅਰਦਾਸ ਕੀਤੀ। ਸੰਗਤਾਂ ਦੇ ਸਹਿਯੋਗ ਸਦਕਾ ਤਿੰਨੇ ਹੀ ਦਿਨ ਮੇਨ ਰੋਡ ਉਪਰ ਗੁਰੂ ਕੇ ਲੰਗਰ ਦੇ ਅਤੁੱਟ ਭੰਡਾਰੇ ਵਰਤਾਏ ਗਏ। ਇਸ ਧਾਰਮਿਕ ਉੱਦਮ ਸਦਕਾ ਚੇਲਿਆਂ ਦੇ ਕੋਠਿਆਂ ਵਿਖੇ ਇੱਕ ਨਿਵੇਕਲੀ ਪਹਿਲ ਕੀਤੀ ਗਈ ਜਿਸ ਵਿੱਚ ਹੁੰ ਤੱਕ ਚੇਲਿਆਂ ਦੇ ਕੋਠਿਆਂ ਦੀਆਂ ਜਿੰਨੀਆਂ ਵੀ ਕੁੜੀਆਂ ਦਾ ਵਿਆਹ ਹੋ ਚੁਕਿਆ ਹੈ ਉਨ੍ਹਾਂ ਸਾਰਿਆਂ ਹੀ ਧੀਆਂ ਨੂੰ ਵਿਸ਼ੇਸ਼ ਤੌਰ ਤੇ ਬੁਲਾਵੇ ਭੇਜ ਕੇ ਸਦਿਆ ਗਿਆ ਅਤੇ ਭੋਗ ਸਮੇਂ ਉਨ੍ਹਾਂ ਧੀਆਂ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਸਨਮਾਨ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।