
ਮਾਨਸਾ, 6 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਭਾਰਤ ਦੇ ਸਮੂਹ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਨੂੰ ਟੀਕਾਕਰਨ ਸੈਂਟਰ ਬਣਾਉਣ ਦੀ ਸਰਕਾਰ ਨੂੰ ਪੇਸ਼ਕਸ਼ ਕੀਤੀ ਗਈ ਹੈ । ਇਸੇ ਕੜੀ ਤਹਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਮਾਨਸਾ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ, ਸਿਵਲ ਸਰਜਨ ਮਾਨਸਾ ਅਤੇ ਸਿਵਲ ਹਸਪਤਾਲ ਮਾਨਸਾ ਦੀ ਟੀਮ ਦੇ ਸਹਿਯੋਗ ਨਾਲ, ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਅੱਜ ਦੂਸਰਾ ਮੁਫ਼ਤ ਵੈਕਸ਼ੀਨੇਸ਼ਨ ਕੈਂਪ ਲਗਾਇਆ ਗਿਆ ਜੋ ਕਿ ਸਫ਼ਲਤਾ ਪੂਰਵਕ ਸਪੰਨ ਹੋਇਆ । ਇਸ ਕੈਂਪ ਦੌਰਾਨ ਸਭ ਨੇ ਮਾਸਕ ਆਦਿ ਪਹਿਨ ਕੇ, ਸੋਸ਼ਲ ਡਿਸਟੈਂਸ ਬਣਾ ਕੇ, ਸੈਨੇਟਾਈਜ਼ਰ ਦੀ ਵਰਤੋਂ ਕਰਕੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਸੁਖਵਿੰਦਰ ਸਿੰਘ, ਸਿਵਲ ਹਸਪਤਾਲ ਮਾਨਸਾ ਨੇ ਕੈਂਪ ਦਾ ਉਦਘਾਟਨ ਕਰਦੇ ਹੋਏ ਫ਼ਰਮਾਇਆ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅਕਸਰ ਹੀ ਸਮਾਜ ਸੇਵਾ ਦੇ ਕੰਮਾਂ ਜਿਵੇਂ ਖੂਨਦਾਨ ਕੈਂਪ, ਸਫਾਈ ਅਭਿਆਨ, ਰੁੱਖ ਲਗਾਓ ਮੁਹਿੰਮ,

ਕੁਦਰਤੀ ਆਫ਼ਤਾਂ ਤੋਂ ਬਚਾਓ ਕਾਰਜ, ਲਾਕ ਡਾਊਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡਣਾ ਆਦਿ ਕਾਰਜ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਅੱਜ ਮਾਨਸਾ ਵਿਖੇ ਕੋਵਿਡ-19 ਤੋਂ ਬਚਾਓ ਸਬੰਧੀ ਟੀਕਾਕਰਨ ਦਾ ਸੈਂਟਰ ਬਣਾ ਕੇ ਦੂਜਾ ਵੈਕਸ਼ੀਨੇਸ਼ਨ ਕੈਂਪ ਵੀ ਬਹੁਤ ਹੀ ਸ਼ਲਾਘਾਯੋਗ ਉਦਮ ਹੈ, ਜਿਸ ਲਈ ਨਿਰੰਕਾਰੀ ਮਿਸ਼ਨ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ । ਇਸ ਮੌਕੇ ਡਾਕਟਰ ਰਣਜੀਤ ਰਾਏ, ਨੇ ਵੀ ਨਿਰੰਕਾਰੀ ਮਿਸ਼ਨ ਦੇ ਇਸ ਕਾਰਜ ਦਾ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਕੋਵਿਡ-19 ਤੋਂ ਬਚਣ ਲਈ ਤਕਰੀਬਨ 150 ਤੋਂ ਵੱਧ ਲੋਕਾਂ ਨੇ ਸੈਵ ਇੱਛਕ ਕੋਵਿਡ-19 ਦੀ ਵੈਕਸ਼ੀਨੇਸ਼ਨ ਦੀ ਪਹਿਲੀ ਅਤੇ ਦੂਜੀ ਡੋਜ਼ ਦਾ ਮੁਫ਼ਤ ਟੀਕਾਕਰਨ ਕਰਵਾਇਆ । ਇਸ ਮੌਕੇ ਸਥਾਨਕ ਸ਼ਾਖਾ ਦੇ ਸੰਯੋਜਕ ਦਲੀਪ ਕੁਮਾਰ (ਰਵੀ) ਨੇ ਦੱਸਿਆ

ਇਹ ਟੀਕਾਕਰਨ ਕੈਂਪ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਹੀ ਲਗਾਇਆ ਗਿਆ ਹੈ, ਇਹ ਸੇਵਾਵਾਂ ਨਿਰੰਕਾਰੀ ਮੰਡਲ ਦੇ ਆਦੇਸ਼ਾਂ ਅਨੁਸਾਰ ਅੱਗੇ ਵੀ ਜਾਰੀ ਰਹਿਣਗੀਆਂ। ਉਨ੍ਹਾਂ ਸਾਰੇ ਹੀ ਮੁੱਖ ਮਹਿਮਾਨਾਂ, ਡਾਕਟਰਾਂ, ਨਰਸਾਂ ,ਆਸ਼ਾ ਵਰਕਰਾਂ ਅਤੇ ਟੀਕਾਕਰਨ ਕਰਵਾਉਣ ਆਏ ਸੱਜਣਾਂ ਆਦਿ ਦਾ ਸਵਾਗਤ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ।
