03,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) ਨਿਊਜ਼ੀਲੈਂਡ ਦੇ ਔਕਲੈਂਡ ਵਿੱਚ ਸਥਿਤ ਇੱਕ ਸੁਪਰਮਾਰਕੀਟ ਵਿੱਚ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਐਰਡਰਨ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਜੈਸਿੰਡਾ ਐਰਡਰਨ ਨੇ ਕਿਹਾ, ਆਈਐਸਆਈਐਸ ਤੋਂ ਪ੍ਰੇਰਿਤ ਅੱਤਵਾਦੀ ਨੇ ਸ਼ੁੱਕਰਵਾਰ ਨੂੰ ਔਕਲੈਂਡ ਸੁਪਰ ਮਾਰਕੀਟ ਵਿੱਚ ਛੇ ਲੋਕਾਂ ਨੂੰ ਚਾਕੂ ਮਾਰ ਦਿੱਤਾ।
ਇਸ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਗੋਲੀ ਮਾਰ ਕੇ ਉੱਥੇ ਹੀ ਢੇਰ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਜੋ ਹੋਇਆ, ਉਹ ਨਿੰਦਣਯੋਗ, ਨਫ਼ਰਤ ਨਾਲ ਭਰਿਆ ਤੇ ਗਲਤ ਸੀ। ਉਨ੍ਹਾਂ ਕਿਹਾ ਕਿ ਹਮਲਾਵਰ ਸ੍ਰੀਲੰਕਾਈ ਨਾਗਰਿਕ ਸੀ ਜੋ 2011 ਵਿੱਚ ਨਿਊਜ਼ੀਲੈਂਡ ਆਇਆ ਸੀ।
ਦੱਸ ਦਈਏ ਕਿ ਜਿਵੇਂ ਹੀ ਚਾਕੂ ਮਾਰਨ ਦੀ ਘਟਨਾ ਦੀ ਜਾਣਕਾਰੀ ਮਿਲੀ, ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚੇ ਤੇ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਹਮਲਾਵਰ ਨੇ ਚਾਕੂ ਮਾਰ ਕੇ ਛੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਡਰੇ ਹੋਏ ਲੋਕਾਂ ਨੂੰ ਸੁਪਰ ਮਾਰਕੀਟ ਵਿੱਚੋਂ ਨਿਕਲਦੇ ਵੇਖਿਆ ਗਿਆ।
ਪੁਲਿਸ ਨੇ ਦੱਸਿਆ ਕਿ ਹਮਲਾ ਉਸ ਸਮੇਂ ਹੋਇਆ ਜਦੋਂ ਹਮਲਾਵਰ ਸ਼ਹਿਰ ਦੇ ਨਿਊ ਲਿਨ ਉਪਨਗਰ ਵਿੱਚ ਕਾਊਂਟਡਾਊਨ ਸੁਪਰਮਾਰਕੀਟ ਵਿੱਚ ਦਾਖਲ ਹੋਏ, ਜਦੋਂ ਲੋਕ ਦੁਪਹਿਰ ਵੇਲੇ ਖਰੀਦਦਾਰੀ ਕਰ ਰਹੇ ਸੀ। ਪੁਲਿਸ ਨੇ ‘ਅੱਤਵਾਦੀ’ ਨੂੰ ਲੱਭਿਆ ਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਪੁਲਿਸ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਹਮਲਾਵਰ ਦਾ ਇਸ ਹਮਲੇ ਪਿੱਛੇ ਕੋਈ ਇਰਾਦਾ ਸੀ। ਪੁਲਿਸ ਨੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ। ਇਨ੍ਹਾਂ ਚੋਂ ਤਿੰਨ ਲੋਕਾਂ ਦੀ ਹਾਲਤ ਬਹੁਤ ਗੰਭੀਰ ਹੈ।