
ਨਾਭਾ 18 ਜੁਲਾਈ 2020 (ਸਾਰਾ ਯਹਾ/ਬਿਓਰੋ ਰਿਪੋਰਟ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿੱਚ ਚਾਰ ਮੋਬਾਇਲ ਮਿਲਣ ਨਾਲ ਜੇਲ ਪ੍ਰਸ਼ਾਸਨ ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਹੋ ਗਏ ਹਨ।ਜੇਲ ਪ੍ਰਸ਼ਾਸਨ ਵੱਲੋਂ ਤਲਾਸ਼ੀ ਦੌਰਾਨ ਚਾਰ ਮੋਬਾਇਲ ਬਰਾਮਦ ਕੀਤੇ ਗਏ ਹਨ ਅਤੇ ਇੱਕ ਮੋਬਾਈਲ ਨਾਭਾ ਮੈਕਸੀਮਮ ਸਕਿਉਰਟੀ ਜੇਲ ਬ੍ਰੇਕ ਦੇ ਸਾਜ਼ਿਸ਼ਕਰਤਾ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਤੋਂ ਬਰਾਮਦ ਕੀਤਾ ਗਿਆ ਹੈ।
ਪਹਿਲਾਂ ਵੀ ਇਸ ਜੇਲ ਵਿੱਚ ਦੋ ਜੇਲ ਮੁਲਾਜ਼ਮ ਕੈਦੀਆਂ ਨੂੰ ਮੋਬਾਇਲ ਸਪਲਾਈ ਕਰਨ ਦੇ ਦੋਸ਼ ਤਹਿਤ ਰੰਗੇ ਹੱਥੀਂ ਫੜੇ ਗਏ ਸਨ।ਉਨ੍ਹਾਂ ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਹੁਣ ਦੁਬਾਰਾ ਮੋਬਾਈਲ ਮਿਲਣ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਪੁਲਿਸ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਇਹ ਪਤਾ ਲਗਾਏਗੀ ਕਿ ਇਹ ਮੋਬਾਈਲ ਕਿਸ ਦੇ ਜ਼ਰੀਏ ਜੇਲ ਦੇ ਅੰਦਰ ਆਏ ਹਨ ਅਤੇ ਇਹਨਾਂ ਕੈਦੀਆਂ ਅਤੇ ਗੈਂਗਸਟਰਾਂ ਵੱਲੋਂ ਕਿੱਥੇ-ਕਿੱਥੇ ਮੋਬਾਈਲ ਵਰਤੇ ਗਏ ਸਨ।
ਇਸ ਸਬੰਧੀ ਨਾਭਾ ਸਦਰ ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਅਸੀਂ ਤਿੰਨ ਕੈਦੀਆਂ ਦੇ ਖਿਲਾਫ ਅਤੇ ਇੱਕ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।ਇਸ ਸਬੰਧ ਵਿੱਚ ਅਸੀਂ ਪ੍ਰਿਜ਼ਨ ਐਕਟ ਦੀ 52-A ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
