ਬੋਹਾ 3 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਵਾਲੀ ਕਹਾਵਤ ਬੋਹਾ ਬੱਸ ਅੱਡੇ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਕਿਉਂਕਿ ਇੱਥੋਂ ਦੇ ਦੁਕਾਨਦਾਰ ਪ੍ਰਸ਼ਾਸਨ ਵੱਲੋਂ ਕੀਤੀ ਸਖ਼ਤੀ ਤੋਂ ਬਾਅਦ ਕੁਝ ਦਿਨਾਂ ਲਈ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ੇ ਹਟਾ ਲੈਂਦੇ ਹਨ ਪਰ ਥੋੜ੍ਹਾ ਸਮਾਂ ਬੀਤਣ ਬਾਅਦ ਬੱਸ ਅੱਡੇ ਦੇ ਹਾਲਾਤ ਜਿਉਂ ਦੇ ਤਿਉਂ ਬਣ ਜਾਂਦੇ ਹਨ ਭਾਵ ਬੋਹਾ ਦੇ ਰਤੀਆ ਰੋਡ ਉੱਪਰ ਸਥਿਤ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਸਾਮਾਨ ਰੱਖ ਕੇ ਲਗਾਤਾਰ ਆਵਾਜਾਈ ਵਿੱਚ ਵਿਘਨ ਪਾ ਰਹੇ ਹਨ ।ਬੱਸ ਅੱਡੇ ਨਜ਼ਦੀਕ ਕੁਝ ਦੁਕਾਨਦਾਰ ਸਰਕਾਰੇ ਦਰਬਾਰੇ ਅਸਰ ਰਸੂਖ਼ ਰੱਖਣ ਕਾਰਨ ਨਾਜਾਇਜ਼ ਕਬਜ਼ੇ ਕਰਨਾ ਆਪਣਾ ਨਿੱਜੀ ਹੱਕ ਸਮਝਦੇ ਹਨ ਅਤੇ ਉਹ ਪ੍ਰਸ਼ਾਸਨ ਦੇ ਨਿਯਮਾਂ ਨੂੰ ਟਿੱਚ ਜਾਣਦੇ ਹਨ ।ਕੁਝ ਸਮਾਂ ਪਹਿਲਾਂ ਮੀਡੀਆ ਵੱਲੋਂ ਇਹ ਮਸਲਾ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਤੀਆ ਰੋਡ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਸੀ ਅਤੇ ਨਾਜਾਇਜ਼ ਕਬਜ਼ੇ ਹਟਵਾ ਦਿੱਤੇ ਗਏ ਸਨ ਪਰ ਬੀਤੇ ਕੁਝ ਸਮੇਂ ਤੋਂ ਮੁੜ ਪਰਨਾਲਾ ਉੱਥੇ ਦਾ ਉੱਥੇ ਹੋ ਗਿਆ ਹੈ ਅਤੇ ਦੁਕਾਨਦਾਰਾਂ ਨੇ ਇੱਕ ਦੂਜੇ ਨਾਲੋਂ ਵਧ ਕੇ ਆਪਣੀਆਂ ਦੁਕਾਨਾਂ ਅੱਗੇ ਸਾਮਾਨ ਰੱਖਣਾ ਸ਼ੁਰੂ ਕਰ ਦਿੱਤਾ ਹੈ ਇੱਥੋਂ ਤੱਕ ਕਿ ਕੁਝ ਦੁਕਾਨਦਾਰ ਤਾਂ ਸੜਕ ਦੇ ਆਲੇ ਦੁਆਲੇ ਬਚੀ ਖਾਲੀ ਜਗ੍ਹਾ ਉੱਪਰ ਟੈਂਟ ਵਗੈਰਾ ਲਗਾ ਕੇ ਕਬਜ਼ਾ ਕਰੀ ਬੈਠੇ ਹਨ ਜਿਸ ਦਾ ਨਤੀਜਾ ਇਹ ਹੈ ਕਿ ਇਸ ਦਾ ਆਵਾਜਾਈ ਉੱਪਰ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਇੱਥੋਂ ਤਕ ਕਿ ਕਈ ਵਾਰ ਐਮਰਜੈਂਸੀ ਵਾਹਨ ਵੀ ਟਰੈਫਿਕ ਜਾਮ ਵਿਚ ਫਸ ਜਾਂਦੇ ਹਨ ।ਦੁਕਾਨਾਂ ਤੋਂ ਸੌਦਾ ਖਰੀਦਣ ਆਉਣ ਵਾਲੇ ਗਾਹਕ ਵੀ ਆਪਣੀਆਂ ਗੱਡੀਆਂ ਮੋਟਰਸਾਈਕਲ ਬਗੈਰਾ ਸੜਕ ਦੇ ਆਲੇ ਦੁਆਲੇ ਬੇਤਰਤੀਬੇ ਢੰਗ ਨਾਲ ਖੜ੍ਹਾ ਕਰ ਦਿੰਦੇ ਹਨ ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਬੋਹਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ ਦੁਕਾਨਦਾਰ ਬੇਖ਼ੌਫ਼ ਹੋ ਕੇ ਕਬਜ਼ੇ ਅੱਗੇ ਵਧਾ ਰਹੇ ਹਨ ।ਉਧਰ ਇਸ ਸਬੰਧੀ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਖਜੀਤ ਕੌਰ ਬਾਵਾ ਅਤੇ ਉਨ੍ਹਾਂ ਦੇ ਪਤੀ ਕਮਲਦੀਪ ਬਾਵਾ ਨੇ ਆਖਿਆ ਉਹ ਪਹਿਲਾਂ ਹੀ ਇਸ ਸਮੱਸਿਆ ਤੋਂ ਭਲੀ ਭਾਂਤ ਜਾਣੂ ਹਨ ਪਰ ਕੁਝ ਦਿਨਾਂ ਤੋਂ ਨਗਰ ਪੰਚਾਇਤ ਦੇ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਸੀ ਹੁਣ ਹਡ਼ਤਾਲ ਖੁੱਲ੍ਹ ਗਈ ਹੈ ਤੇ ਜਲਦੀ ਹੀ ਪੁਲੀਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਹ ਕਬਜ਼ੇ ਛੁਡਵਾ ਦਿੱਤੇ ਜਾਣਗੇ।