
ਚੰਡੀਗੜ੍ਹ 24,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਸੂਤਰਾਂ ਮੁਤਾਬਕ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ ਹੈ। ਉਹ ਬਿਮਾਰ ਚੱਲ ਰਹੇ ਸੀ ਤੇ ਫੌਰਟਿਸ ਹਸਪਤਾਲ ਵਿੱਚ ਦਾਖਲ ਸੀ। ਸਰਦੂਲ ਸਿਕੰਦਰ 60 ਸਾਲਾਂ ਦੇ ਸੀ। ਕੋਰੋਨਾ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।
ਸਰਦੂਲ ਸਿਕੰਦਰ ਨੇ ਸਾਲ 1980 ਵਿੱਚ ਟੀਵੀ ਤੇ ਰੇਡੀਓ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਸਰਦੂਲ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ ਹੋਇਆ ਸੀ ਤੇ ਉਹ ਸੰਗੀਤ ਦੇ ਪਟਿਆਲੇ ਘਰਾਨਾ ਨਾਲ ਸਬੰਧਤ ਸੀ।
ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ਜਿਨ੍ਹਾਂ ਵਿੱਚੋਂ ‘ਜੱਗਾ ਡਾਕੂ’ ਵੀ ਵਰਗੀ ਮਸ਼ਹੂਰ ਫਿਲਮ ਵੀ ਸ਼ਾਮਲ ਹੈ। ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੇਟੇ ਹਨ।
