
ਬੁਢਲਾਡਾ 4 ਅਕਤੂਬਰ (ਸਾਰਾ ਯਹਾਂ/ਮਹਿਤਾ ਅਮਨ) ਗਲੀ ਦੇ ਨਾਜਾਇਜ ਕਬਜੇ ਨੂੰ ਲੈ ਕੇ ਕੱਤਲ ਕੀਤੀ ਗਈ ਔਰਤ ਦੇ ਮਾਮਲੇ ਚ ਪੁਲਿਸ ਵੱਲੋਂ ਕੁਝ ਘੰਟਿਆਂ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਡੀ.ਐਸ.ਪੀ. ਬੁਢਲਾਡਾ ਗਮਦੂਰ ਸਿੰਘ ਚਹਿਲ ਵੱਲੋਂ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 29 ਸਤੰਬਰ ਨੂੰ ਪਿੰਡ ਆਲਮਪੁਰ ਮੰਦਰਾਂ ਵਿਖੇ ਗਲੀ ਦੇ ਝਗੜੇ ਨੂੰ ਲੈ ਕੇ ਕੁੱਟਮਾਰ ਦੌਰਾਨ ਆਪਣੀ ਨੂੰਹ ਨੂੰ ਛਡਾਉਣ ਗਈ ਸੱਸ ਨਸੀਬ ਕੌਰ ਦਾ ਧਰਤੀ ਨਾਲ ਪਟਕ ਪਟਕ ਕੇ 2 ਔਰਤਾਂ ਸਮੇਤ 4 ਵਿਅਕਤੀਆਂ ਵੱਲੋਂ ਕੱਤਲ ਕਰ ਦਿੱਤਾ ਗਿਆ ਸੀ। ਜਿਸ ਤੇ ਪੁਲਿਸ ਨੇ ਐਸ.ਐਸ.ਪੀ. ਮਾਨਸਾ ਭਾਗੀਰਥ ਮੀਨਾ ਦੇ ਦਿਸ਼ਾ ਨਿਰਦੇਸ਼ ਹੇਠ ਐਸ.ਐਚ.ਓ. ਪ੍ਰਵੀਨ ਕੁਮਾਰ ਦੀ ਸ਼ਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਕੁਝ ਘੰਟਿਆਂ ਵਿੱਚ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਸੁਖਪਾਲ ਕੌਰ, ਕਰਮਜੀਤ ਕੌਰ, ਬਲਤੇਜ ਸਿੰਘ, ਬਿੰਦਰ ਸਿੰਘ ਨੂੰ ਪਿੰਡ ਚੋਟੀਆਂ ਜਿਲ੍ਹਾ ਸੰਗਰੂਰ ਤੋਂ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦੀ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਬਾਵਾ ਸਿੰਘ ਆਲਮਪੁਰ ਮੰਦਰਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮੇਰੇ ਪੁੱਤਰ ਫੌਜੀ ਰਣਜੀਤ ਸਿੰਘ ਦੇ ਮਕਾਨ ਕੋਲ ਸੁਖਪਾਲ ਕੌਰ ਦੇ ਪਰਿਵਾਰ ਵੱਲੋਂ ਗਲੀ ਵਿੱਚ ਨਾਜਾਇਜ ਕਬਜਾ ਕੀਤਾ ਹੋਇਆ ਸੀ। ਜਿਸ ਤੋਂ ਪ੍ਰੇਸ਼ਾਨ ਮੇਰੀ ਨੂੰਹ ਹਰਜਿੰਦਰ ਕੌਰ ਗੁਆਂਢੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਸੰਬੰਧੀ ਦੱਸਣ ਲੱਗੀ ਤਾਂ ਬਹਿਸ ਦੌਰਾਨ ਸੁਖਪਾਲ ਕੌਰ ਨੇ ਆਪਣੀ ਪਤੀ ਕੁਲਵੰਤ ਸਿੰਘ, ਦਿਓਰ ਬਲਤੇਜ ਅਤੇ ਦਿਓਰ ਬਿੰਦਰ ਸਿੰਘ ਅਤੇ ਭਰਜਾਈ ਕਰਮਜੀਤ ਕੌਰ ਨਾਲ ਰੱਲ ਕੇ ਮੇਰੀ ਨੂੰਹ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੇਰੀ ਪਤਨੀ ਮੇਰੀ ਨੂੰਹ ਨੂੰ ਬਚਾਉਣ ਗਈ ਤਾਂ ਇਨ੍ਹਾਂ ਨੇ ਮੇਰੀ ਪਤਨੀ ਨਸੀਬ ਕੌਰ (58) ਨੂੰ ਪਟਕ ਪਟਕ ਕੇ ਮਾਰ ਦਿੱਤਾ।
