ਭੀਖੀ 26 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਬੀਤੇ ਦਿਨੀਂ ਮਰਹੂਮ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ “ਕਿਸਾਨੀ ਬਚਾਓ, ਜਵਾਨੀ ਬਚਾਓ” ਦਾ ਐਲਾਨ ਕੀਤਾ ਗਿਆ ਸੀ । ਅੱਜ ਜਿਸ ਮੁਹਿੰਮ ਦੀ ਸ਼ੁਰੂਆਤ ਭੀਖੀ ਬਲਾਕ ਦੇ ਪਿੰਡ ਅਨੂਪਗੜ੍ਹ ਵਿੱਚ ਇਕੱਤਰ ਹੋਏ ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ਵੱਲੋਂ ਪੂਰੇ ਜੋਸ਼ੋ ਖਰੋਸ਼ ਨਾਲ ਕੀਤੀ ਗਈ । ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆਂ ਨੇ ਕਿਹਾ ਕਿ ਸੰਮੇ ਸਮੇਂ ਤੋਂ ਕਿਸਾਨ ਯੂਨੀਅਨਾਂ ਵੱਲੋਂ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਲੜੇ ਜਾ ਰਹੇ ਹਨ ਪਰ ਅੱਜ ਮੌਜੂਦਾ ਦੌਰ ਵਿੱਚ ਕਿਸਾਨੀ ਨੂੰ ਬਚਾਉਣ ਦੇ ਨਾਲ-ਨਾਲ ਜਵਾਨੀ ਨੂੰ ਬਚਾਉਣਾ ਮੁੱਖ ਲੋੜ ਹੈ ਕਿਉਂਕਿ ਹਰ ਰੋਜ਼ ਨੌਜਵਾਨ ਮੁੰਡੇ ਕੁੜੀਆਂ ਦਾ ਵੱਡਾ ਮੌਜੂਦਾ ਸਿਸਟਮ ਦੀ ਨਸ਼ਾ ਸੌਦਾਗਰਾਂ ਨਾਲ ਮਿਲੀ ਭੁਗਤ ਕਾਰਨ ਸ਼ਾਜਿਸ ਤਹਿਤ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ ਅਤੇ ਜਾਂ ਫਿਰ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਲਈ ਮਜਬੂਰ ਹੈ । ਸਿਸਟਮ ਖਿਲਾਫ਼ ਬੋਲਣ ਵਾਲੇ ਲੋਕਾਂ ਨੂੰ ਝੂਠੇ ਪਰਚੇ ਪਾ ਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਨਸ਼ੇ ਦੇ ਸੌਦਾਗਰ ਆਜ਼ਾਦ ਘੁੰਮ ਰਹੇ ਹਨ । ਸਰਕਾਰ, ਪੁਲਿਸ ਅਤੇ ਖੁਫੀਆ ਤੰਤਰ ਪੂਰੀ ਤਰਾਂ ਫੇਲ ਹੋ ਚੁੱਕਿਆ ਹੈ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਆਉਣ ਵਾਲੀ 14 ਅਗਸਤ ਨੂੰ ਮਾਨਸਾ ਸ਼ਹਿਰ ਵਿੱਚ ਚਿੱਟੇ ਵਿਰੋਧੀ ਕਾਨਫਰੰਸ ਕੀਤੀ ਜਾ ਰਹੀ ਅਤੇ ਇਸ ਵਿੱਚ ਹਰ ਪਰਿਵਾਰ ਸ਼ਾਮਲ ਹੋਵੇ । ਉਨ੍ਹਾਂ ਬੋਲਦਿਆਂ ਮੰਗ ਕੀਤੀ ਕਿ ਮਣੀਪੁਰ ਵਿੱਚ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਵਾਲੇ ਦਰਿੰਦਿਆਂ ਨੂੰ ਫਾਂਸੀ ਤੇ ਲਟਕਾਇਆ ਜਾਵੇ । ਇਸ ਮੌਕੇ ਮੱਖਣ ਸਿੰਘ ਭੈਣੀ ਬਾਘਾ, ਬਲਵਿੰਦਰ ਸ਼ਰਮਾ, ਗੁਰਚਰਨ ਅਲੀਸ਼ੇਰ ਕਲਾਂ, ਪੱਪੀ ਸਿੰਘ ਅਲੀਸ਼ੇਰ ਕਲਾਂ, ਭੋਲਾ ਸਿੰਘ, ਗੁਰਜੰਟ ਸਿੰਘ, ਬੰਤ ਸਿੰਘ ਅਨੂਪਗੜ੍ਹ ਹਾਜਰ ਰਹੇ ।