ਮਾਨਸਾ, 06 ਜੂਨ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਜਨਤਕ ਅੰਦੋਲਨ ਦੇ ਦਬਾਅ ਹੇਠ ਮਾਨਸਾ ਪੁਲਸ ਵਲੋਂ ਪਰਵਿੰਦਰ ਉਰਫ ਝੋਟੇ ਤੇ ਹੋਰ ਨੌਜਵਾਨਾਂ ਖਿਲਾਫ ਦਰਜ ਇਰਾਦਾ ਕਤਲ ਦਾ ਝੂਠਾ ਕੇਸ ਵਾਪਸ ਲੈਣ ਤੋਂ ਬਾਦ ਅੱਜ “ਨਸ਼ੇ ਨਹੀਂ, ਰੁਜ਼ਗਾਰ ਦਿਓ” ਮੁਹਿੰਮ ਕਮੇਟੀ ਦੀ ਅਗਵਾਈ ਵਿਚ ਸ਼ਹਿਰ ਵਿਚ ਜੋਸ਼ੀਲਾ ਫਤਿਹ ਮਾਰਚ ਕੱਢਿਆ ਗਿਆ। ਇਹ ਮਾਰਚ ਜ਼ਿਲਾ ਕਚਿਹਰੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ।
ਇਸ ਤੋਂ ਪਹਿਲੀ ਬਾਲ ਭਵਨ ਪਾਰਕ ਵਿਖੇ ਜੇਤੂ ਰੈਲੀ ਕਰਨ ਤੋਂ ਬਾਦ ਵਿਖਾਵੇ ਦੇ ਰੂਪ ਵਿਚ ਜ਼ਿਲਾ ਸਕੱਤਰੇਤ ਪਹੁੰਚ ਕੇ ਇਕ ਸਾਂਝੇ ਵਫਦ ਵਲੋਂ ਸੀਪੀਆਈ (ਐਮ ਐਲ) ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਵਿਚ ਇਸ ਅੰਦੋਲਨ ਦੀਆਂ ਬਾਕੀ ਮੰਗਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਮਿਲੇ ਕੇ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣਾ ਲਈ ਇਕ ਮੰਗ ਪੱਤਰ ਵੀ ਦਿੱਤਾ।
ਬਾਲ ਭਵਨ ਵਿਖੇ ਹੋਈ ਜੇਤੂ ਰੈਲੀ ਨੂੰ ਪਰਵਿੰਦਰ ਸਿੰਘ ਝੋਟਾ, ਕਾਮਰੇਡ ਜਸਬੀਰ ਕੌਰ ਨੱਤ, ਕਾ. ਕ੍ਰਿਸ਼ਨ ਚੌਹਾਨ, ਡਾ. ਧੰਨਾ ਮੱਲ ਗੋਇਲ, ਬਲਜੀਤ ਸਿੰਘ ਸੇਠੀ, ਬਿੱਕਰ ਸਿੰਘ ਮੰਘਾਣੀਆਂ, ਗੁਰਦੀਪ ਸਿੰਘ ਝੁਨੀਰ, ਕਾਮਰੇਡ ਗੁਰਸੇਵਕ ਸਿੰਘ ਮਾਨ, ਐਡਵੋਕੇਟ ਲਖਵਿੰਦਰ ਲੱਖਣਪਾਲ, ਗੁਰਲਾਭ ਸਿੰਘ ਮਾਹਿਲ, ਮਨਿੰਦਰ ਸਿੰਘ ਜਵਾਹਰਕੇ, ਸੁਰਿੰਦਰ ਪਾਲ ਸ਼ਰਮਾ, ਸੁਖਜੀਤ ਰਾਮਾਨੰਦੀ, ਅਮਨ ਪਟਵਾਰੀ, ਰਿਤੂ ਕੌਰ, ਮੇਜਰ ਦੁੱਲੋਵਾਲ, ਕਿਸਾਨ ਆਗੂ ਭਜਨ ਸਿੰਘ ਘੁੰਮਣ, ਇਨਕਲਾਬੀ ਨੌਜਵਾਨ ਸਭਾ ਦੇ ਹਰਦਮ ਸਿੰਘ, ਮੋਹਨਾ ਧਾਲੀਵਾਲ, ਸੰਦੀਪ ਭੀਂਡਾ, ਰੇਸ਼ਮ ਬਾਬਾ,ਪ੍ਰਦੀਪ ਸਿੰਘ, ਨਵਜੋਤ ਮਾਨਸ਼ਾਹੀਆ, ਸੀਪਾ ਮਾਨ, ਬਲਜਿੰਦਰ ਮਾਨਸ਼ਾਹੀਆ, ਸੰਗਤ ਸਿੰਘ ਖਾਲਸਾ ਤੇ ਆਕਾਸ਼ਦੀਪ ਆਦਿ ਨੌਜਵਾਨਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ਝੂਠੇ ਕੇਸ ਨੂੰ ਰੱਦ ਕੀਤੇ ਜਾਣ ਦੇ ਬਾਵਜੂਦ ਨਸ਼ਾ ਵੇਚਣ ਵਾਲਿਆਂ, ਭ੍ਰਿਸ਼ਟ ਪੁਲਸ ਅਫਸਰਾਂ ਤੇ ਸਤਾਧਾਰੀਆਂ ਦੇ ਅਪਵਿੱਤਰ ਗਠਜੋੜ ਖ਼ਿਲਾਫ਼ ਸੰਘਰਸ਼ ਜਾਰੀ ਰਖਿਆ ਜਾਵੇਗਾ। ਆਮ ਜਨਤਾ ਨੂੰ ਜਾਗਰਤ ਤੇ ਲਾਮਬੰਦ ਕਰਨ ਲਈ ਮੁਹਿੰਮ ਵਲੋਂ ਪਿੰਡਾਂ ਅਤੇ ਸ਼ਹਿਰ ਦੇ ਮੁਹੱਲਿਆਂ ਵਿਚ ਮੀਟਿੰਗਾਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਦੇਣ ਵਾਲੇ ਡੀਐਸਪੀ ਤੇ ਹੋਰ ਦਾਗੀ ਪੁਲਸ ਅਫਸਰਾਂ ਦੇ ਪੁਤਲੇ ਸਾੜੇ ਜਾਣਗੇ। ਇਹ ਮੰਗ ਵੀ ਉਠਾਈ ਗਈ ਕਿ ਆਮ ਨਸ਼ੇੜੀਆਂ ਨੂੰ ਕੇਸ ਬਣਾ ਕੇ ਜੇਲਾਂ ‘ਚ ਬੰਦ ਕਰਨਾ ਬੰਦ ਕੀਤਾ ਜਾਵੇ ਕਿਉਂਕਿ ਉਹ ਤਸਕਰ ਨਹੀਂ, ਬਲਕਿ ਮਾਨਸਿਕ ਰੋਗੀ ਹਨ।
ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ 1. ਦੋ ਦਹਾਕਿਆਂ ਤੋਂ ਵੱਧ ਅਰਸੇ ਤੋਂ ਮਾਨਸਾ ਜਿਲੇ ਵਿਚ ਹੀ ਤਾਇਨਾਤ ਦਾਗੀ ਡੀਐਸਪੀ ਤੇ ਜ਼ਿਲੇ ਦੇ ਡਰੱਗ ਇੰਸਪੈਕਟਰ ਨੂੰ ਮੁਅਤਲ ਕਰਕੇ ਇੰਨਾਂ ਤੇ ਇੰਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਆਮਦਨ ਤੋਂ ਵਾਧੂ ਬਣਾਈ ਸਮੁੱਚੀ ਜਾਇਦਾਦ ਜਬਤ ਕੀਤੀ ਜਾਵੇ, 2. ਥੋਕ ‘ਚ ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰ ਮਾਲਕਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਅਤੇ ਇੰਨਾਂ ਵਲੋਂ ਡਰੱਗ ਮਨੀ ਨਾਲ ਬਣਾਈਆਂ ਕਰੋੜਾਂ ਦੀਆਂ ਜਾਇਦਾਦਾਂ ਤੇ ਕਾਰੋਬਾਰਾਂ ਨੂੰ ਜ਼ਬਤ ਕੀਤੇ ਜਾਣ, 3. ਸ਼ੱਕੀ ਮੈਡੀਕਲ ਸਟੋਰ ਮਾਲਕਾਂ ਨੂੰ ਅਪਣੇ ਘਰ ਬੁਲਾ ਕੇ ਗੁਪਤ ਮੀਟਿੰਗ ਕਰਕੇ ਨਸ਼ਾ ਵਿਰੋਧੀ ਮੁਹਿੰਮ ‘ਚ ਸ਼ਾਮਲ ਨੌਜਵਾਨਾਂ ਨੂੰ ਫਸਾਉਣ ਦੀ ਸਾਜ਼ਿਸ਼ ਬਣਾਉਣ ਵਾਲੇ ਸੀਆਈਏ ਦੇ ਥਾਣੇਦਾਰ ਹਰਭਜਨ ਸਿੰਘ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, 4. ਨਸ਼ਾ ਵੇਚੇ ਜਾਣ ਦੀ ਇਕ ਵੀਡੀਓ ਬਣਾਉਣ ਬਦਲੇ ਨਾਬਾਲਗ ਲੜਕੇ ਆਕਾਸ਼ਦੀਪ ਨੂੰ ਦੋਸ਼ੀ ਮੈਡੀਕਲ ਸਟੋਰ ਵਾਲਿਆਂ ਦੀ ਮਿਲੀਭੁਗਤ ਨਾਲ ਨਜਾਇਜ਼ ਹਿਰਾਸਤ ਵਿਚ ਲੈ ਕੇ ਉਸ ਦੀ ਰਾਤ ਭਰ ਕੁੱਟ ਮਾਰ ਕਰਨ ਵਾਲੇ ਪੁਲਸ ਮੁਲਾਜ਼ਮ ਸੱਤਪਾਲ ਨੂੰ ਸਸਪੈਂਡ ਕੀਤਾ ਜਾਵੇ। ਮੰਗ ਪੱਤਰ ਵਿਚ ਉਮੀਦ ਕੀਤੀ ਗਈ ਕਿ ਮੁੱਖ ਮੰਤਰੀ ਇੰਨਾਂ ਮੰਗਾਂ ਬਾਰੇ ਛੇਤੀ ਲੋੜੀਂਦੀ ਕਾਰਵਾਈ ਕਰਨਗੇ।