
ਮਾਨਸਾ 31 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਜਿਲੇ ਵਿੱਚ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਨੂੰ ਅੱਜ 17 ਦਿਨ ਹੋ ਚੁੱਕੇ ਹਨ ਪਰ ਲੋਕਾਂ ਦਾ ਸਰਕਾਰ ਦੇ ਇਸ ਰਵੱਈਏ ਖਿਲਾਫ਼ ਰੋਹ ਬਰਕਰਾਰ ਹੈ । ਜਿਲਾ ਹੈੱਡ ਕੁਆਰਟਰ ਉੱਪਰ ਚੱਲ ਰਹੇ ਅਣਮਿੱਥੇ ਸਮੇਂ ਦੇ ਧਰਨੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਔਰਤਾਂ, ਕਿਰਤੀ ਵਰਗ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਆਪਣੇ ਮਹਾਨ ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੰਗਰਾਮੀਏ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਕੁਰਾਹੇ ਪਈ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ । ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਸਰਕਾਰ ਉੱਤੇ ਨਸ਼ੇ ਦੀ ਰੋਕਥਾਮ ਦੀ ਬਜਾਏ, ਨਸ਼ਾ ਤਸਕਰਾਂ ਦੀ ਭਾਈਵਾਲੀ ਕਰਨ ਦੇ ਦੋਸ਼ ਲਗਾਏ, ਨਾਲ ਹੀ ਮੰਗ ਕੀਤੀ ਗਈ ਕਿ ਜਿਲਾ ਪ੍ਰਸ਼ਾਸਨ ਦੀ ਚੱਲ-ਅਚੱਲ ਜਾਇਦਾਦ ਦੀ ਪੜਤਾਲ ਕਰਕੇ ਜ਼ਬਤ ਕੀਤੀ ਜਾਵੇ । ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬੀਤੇ ਦਿਨਾਂ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ, ਪੀੜਿਤ ਲੋਕਾਂ ਨੂੰ ਫੜ੍ਹ ਕੇ ਉਨ੍ਹਾਂ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਜੇਲਾਂ ਅੰਦਰ ਸੁੱਟਿਆ ਜਾ ਰਿਹਾ ਹੈ ਪਰ ਨਸ਼ੇ ਦੇ ਅਸਲ ਸੌਦਾਗਰਾਂ ਨੂੰ ਆਜ਼ਾਦੀ ਦਿੱਤੀ ਹੋਈ ਹੈ ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਰਤੀ ਜਾ ਰਹੀ ਚੁੱਪ ਇਹ ਸੰਕੇਤ ਦਿੰਦੀ ਹੈ ਕਿ ਸੱਤਾਧਾਰੀ ਪਾਰਟੀ ਇਸਨੂੰ ਲੈ ਕੇ ਸੁਹਿਰਦ ਨਹੀ ਹੈ ।ਉਨ੍ਹਾਂ ਪੂੰਜੀਪਤੀਆਂ ਦੀ ਕਠਪੁਤਲੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੰਗਾਰਦੇ ਹੋਏ ਕਿਹਾ ਕਿ ਸਦੀਆਂ ਤੋਂ ਲੈ ਕੇ ਹਾਕਮਾਂ ਦੇ ਖਿਲਾਫ਼ ਦੱਬੇ ਕੁਚਲੇ ਲੋਕਾਂ ਦਾ ਇਤਿਹਾਸ ਰਿਹਾ ਹੈ ਸੋ ਸਰਕਾਰ ਲੋਕਾਂ ਦੇ ਸਬਰ ਨੂੰ ਪਰਖਣਾ ਬੰਦ ਕਰੇ । ਇਸ ਸਮੇਂ ਮੱਖਣ ਸਿੰਘ ਭੈਣੀ ਬਾਘਾ ਨੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ । ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਤਾਰਾ ਚੰਦ ਬਰੇਟਾ, ਸੱਤਪਾਲ ਵਰ੍ਹੇ, ਬਲਵਿੰਦਰ ਸ਼ਰਮਾ, ਇਨਕਲਾਬੀ ਕੇਂਦਰ ਦੇ ਜਗਮੇਲ ਸਿੰਘ, ਕਾਮਰੇਡ ਰਾਣਾ, ਮੋਹਿੰਦਰ ਬੁਰਜ ਰਾਠੀ , ਧੰਨਾ ਮੱਲ, ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ, ਸਿਕੰਦਰ ਖਿਆਲਾ, ਜਗਦੇਵ ਕੋਟਲੀ, ਬਲਜੀਤ ਭੈਣੀ ਬਾਘਾ, ਕ੍ਰਿਸ਼ਨ ਚੌਹਾਨ, ਮੇਜਰ ਦੂਲੋਵਾਲ, ਸੁਖਵਿੰਦਰ ਕੌਰ ਅਕਲੀਆਂ, ਹਰਭਜਨ ਸਿੰਘ ਬਹੋਨਾ, ਰਾਜ ਅਕਲੀਆਂ ਅਤੇ ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਸਿੰਘ ਚਹਿਲਾਵਾਲੀ ਨੇ ਨਿਭਾਈ ।
