
ਮਾਨਸਾ, 01 ਸਤੰਬਰ:– (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਨਸ਼ਾ ਬੰਦੀ ਅਤੇ ਪਰਮਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਨੂੰ ਲੈ ਕੇ ਧਰਨੇ ‘ਤੇ ਬੈਠੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੂੰ ਅੱਜ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਵਿਧਾਇਕਾਂ ਦੇ ਘਰ ਘੇਰਨ ਲਈ ਚਾਲੇ ਪਾਉਂਣ ਵਾਲੇ ਵੱਡੇ ਕਾਫਲੇ ਨੂੰ ਤੁਰਨ ਤੋਂ ਪਹਿਲਾਂ ਹੀ ਬੇਨਤੀਆਂ ਹੋਣ ਲੱਗ ਪਈਆਂ ਤੇ ਵਿਧਾਇਕ ਤੇ ਪੁਲੀਸ ਮੁਖੀ ਮਸਲੇ ਦੇ ਹੱਲ ਲਈ ਚਾਰ ਦਿਨ ਦਾ ਸਮਾਂ ਮੰਗਣ ਲੱਗ ਪਏ।ਦੱਸਣਾ ਬਣਦਾ ਹੈ ਜਿਉਂ ਹੀ ਐਕਸ਼ਨ ਕਮੇਟੀ ਵੱਲੋਂ ਪਹਿਲੀ ਸਤੰਬਰ ਤੋਂ ਵਿਧਾਇਕਾਂ ਦੇ ਘਰ ਘੇਰਨ ਦੇ ਕੀਤੇ ਐਲਾਣ ਮੁਤਾਬਿਕ ਪੱਕੇ ਧਰਨੇ ਵਾਲੀ ਥਾਂ ਤੋਂ ਲੋਕਾਂ ਦਾ ਵੱਡਾ ਕਾਫਲਾ ਚਾਲੇ ਪਾਉਂਣ ਲੱਗਿਆ ਤਾਂ ਪੁਲੀਸ ਪ੍ਰਸਾਸ਼ਨ ਅਤੇ ਵਿਧਾਇਕਾਂ ਨੇ ਮਸਲੇ ਦੇ ਹੱਲ ਲਈ ਚਾਰ ਦਿਨ ਮੰਗੇ। ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਜਦੋਂ ਸਾਡੀ ਕਮੇਟੀ ਨੇ ਕਿਸੇ ਵੀ ਕਿਸਮ ਦੀ ਮੋਹਲਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਤਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵਿਧਾਇਕ ਬੁੱਧ ਰਾਮ ,ਵਿਧਾਇਕ ਗੁਰਪ੍ਰੀਤ ਬਣਾਂਵਾਲੀ ਤੇ ਐਸ ਐਸ ਪੀ ਨਾਨਕ ਸਿੰਘ ਪੱਕੇ ਧਰਨੇ ਵਾਲੀ ਥਾਂ ਪੁੱਜੇ ਅਤੇ ਮੰਗਲਵਾਰ ਨੂੰ ਪਰਮਿੰਦਰ ਸਿੰਘ ਝੋਟੇ ਦੇ ਮਸਲੇ ਨੂੰ ਹੱਲ ਕਰਨ ਦਾ ਐਲਾਣ ਕੀਤਾ।ਪ੍ਰਿਸੀਪਲ ਬੁੱਧ ਰਾਮ ਨੇ ਧਰਨੇ `ਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਮੰਗਲਵਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਓ ਐਸ ਡੀ, ਵਿਧਾਇਕ, ਜਿ਼ਲ੍ਹਾ ਪ੍ਰਸਾਸ਼ਨ ਤੇ ਸੰਘਰਸ਼ ਕਰ ਰਹੇ ਧਰਨਾਕਾਰੀਆਂ ਦੀ ਇੱਕ ਸਾਂਝੀ ਮੀਟਿੰਗ ਕੀਤੀ ਜਾਵੇਗੀ। ਇਸੇ ਮੀਟਿੰਗ ਵਿੱਚ ਪਰਮਿੰਦਰ ਸਿੰਘ ਝੋਟੇ ਦੇ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ। ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਸਰਕਾਰੀ ਹੁਕਮਾਂ ਮੁਤਾਬਿਕ ਪੁਲੀਸ ਵਿਭਾਗ ਵੱਡੇ ਪੱਧਰ ‘ਤੇ ਨਸ਼ਾ ਤਸਕਰਾਂ ਨੂੰ ਫੜ ਰਿਹਾ ਹੈ। ਉਨ੍ਹਾਂ ਕਿਹਾ ਪਿਛਲੇ ਦਿਨਾਂ ਦੌਰਾਨ ਪੰਜਾਬ ਭਰ ਵਿੱਚੋਂ ਵੱਡੀ ਮਾਤਰਾ `ਚ ਚਿੱਟਾ ਤੇ ਮੈਡੀਕਲ ਨਸ਼ੇ ਫੜੇ ਗਏ ਹਨ । ਉਨ੍ਹਾਂ ਸਮੂਹ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਤੁਹਾਡੇ ਸਿਹਯੋਗ ਨਾਲ ਜਲਦੀ ਹੀ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਧਰਨੇ ਵਿੱਚ ਪੁੱਜ ਕੇ ਕੀਤੇ ਇਨ੍ਹਾਂ ਐਲਾਣਾ ਨਾਲ ਸਹਿਮਤ ਹੁੰਦਿਆਂ ਸਾਂਝੀ ਐਕਸ਼ਨ ਕਮੇਟੀ ਨੇ ਵਿਧਾਇਕਾਂ ਦੇ ਘਰ ਘੇਰਨ ਦਾ ਫੈਸਲਾ ਬੁੱਧਵਾਰ ਤੱਕ ਪਿੱਛੇ ਪਾ ਦਿੱਤਾ । ਇਸ ਮੌਕੇ ਸੰਬੋਧਨ ਕਰਦਿਆਂ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਹ ਪੱਕਾ ਧਰਨਾ ਪਰਮਿੰਦਰ ਸਿੰਘ ਝੋਟੇ ਸਮੇਤ ਹਰ ਬੇਕਸੂਰ ਨੌਜਵਾਨ ਲਈ ਲੱਗਿਆ ਹੋਇਆ ਹੈ। ਧਰਨੇ ਨੇ ਜਿਹੜੀ ਜਾਗ ਪੰਜਾਬ `ਚ ਲਾਈ ਹੈ ਉਸਦੇ ਹਾਂ ਪੱਖੀ ਨਤੀਜੇ ਸਭਦੇ ਸਾਹਮਣੇ ਹਨ ।ਜੇਕਰ ਐਸ ਐਸ ਪੀ ਮਾਨਸਾ 14 ਅਗਸਤ ਨੂੰ ਮਹਾਂ ਰੈਲੀ ਦੌਰਾਨ ਕੀਤੇ ਐਲਾਣ ਮੁਤਾਬਿਕ ਮਸਲਾ ਹੱਲ ਕਰ ਦਿੰਦੇ ਤਾਂ ਅੱਜ ਵਿਧਾਹਿਕਾਂ ਦੇ ਘਰ ਘੇਰਨ ਦੀ ਜਰੂਰਤ ਹੀ ਨਹੀਂ ਸੀ ਪੈਣੀ। ਇਸ ਮੌਕੇ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਪਿਛਲੇ ਡੇਢ ਮਹੀਨੇ ਤੋਂ ਚੱਲ ਰਿਹਾ ਪੱਕਾ ਧਰਨਾ ਲੋਕ ਅਵਾਜ ਹੈ ਤੇ ਲੋਕ ਅਵਾਜ ਅੱਗੇ ਸਭਨੂੰ ਹੀ ਝੁਕਣਾ ਪੈਂਦਾ ਹੈ। ਇਸ ਮੌਕੇ ਰਮਫਲ ਚੱਕ ਅਲੀਸ਼ੇਰ, ਅਮਰੀਕ ਫਫੜੇ, ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ , ਪਰਜੀਤ ਗਾਗੋਵਾਲ,ਨਿਰਮਲ ਸਿੰਘ ਝੰਡੂਕੇ,ਮੱਖਣ ਸਿੰਘ ਭੈਣੀ ਬਾਘਾ, ਮਨਜੀਤ ਸਿੰਘ ਉੱਲਕ ,ਗੁਰਮੀਤ ਸਿੰਘ ਨੰਦਗੜ੍ਹ , ਬਿੰਦਰ ਅਲਖ , ਗਗਨ ਸ਼ਰਮਾ, ਪਰਮਿੰਦਰ ਸਿੰਘ ਦੇ ਪਿਤਾ ਸਾਬਕਾ ਸੈਨਿਕ ਭੀਮ ਸਿੰਘ , ਅਮਨ ਪਟਵਾਰੀ , ਕੁਲਵਿੰਦਰ ਸਿੰਘ ,ਬਲਵਿੰਦਰ ਘਰਾਂਗਣਾ ਨੇ ਵੀ ਸੰਬੋਧਲ ਕੀਤਾ ।
