ਮਾਨਸਾ, 01 ਦਸੰਬਰ:(ਸਾਰਾ ਯਹਾਂ/ਮੁੱਖ ਸੰਪਾਦਕ):
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਅਤੇ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾ ਤਹਿਤ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਅਤੇ ਨਸ਼ੇ ਨੂੰ ਜੜੋਂ ਖ਼ਤਮ ਕਰਨ ਦੇ ਅਹਿਦ ਲਈ ਜ਼ਿਲ੍ਹਾ ਪੱਧਰੀ ਐਂਟੀ ਡਰੱਗ ਮੁਹਿੰਮ ਤਹਿਤ ‘ਜਾਗ੍ਰਿਤੀ ਯਾਤਰਾ’ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦੇ ਉਪਰੰਤ ਪੁਲਿਸ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਕੋਹੜ ਨੂੰ ਜੜੋ੍ਹ ਵੱਢਣ ਲਈ ਕਰਵਾਏ ਗਏ ਇਨ੍ਹਾਂ ਪੇਟਿੰਗ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ 3 ਗਰੁੱਪਾਂ, ਪਹਿਲੀ ਤੋਂ ਚੌਥੀ ਜਮਾਤ, ਪੰਜਵੀਂ ਤੋਂ 8ਵੀਂ ਜਮਾਤ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਕਰੀਬ 170 ਵਿਦਿਆਰਥੀਆਂ ਨੇ ਹਿੱਸਾ ਲਿਆ।
ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਐਚ) ਮਾਨਸਾ ਸ਼੍ਰੀ ਜਸਕੀਰਤ ਸਿੰਘ ਨੇ ਦੱਸਿਆ ਕਿ ਪਹਿਲੀ ਤੋਂ ਚੌਥੀ ਜਮਾਤ ਦੇ ਮੁਕਾਬਲਿਆਂ ਵਿੱਚ ਗੁਣਤਾਸ਼ ਸਿੰਘ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਬਲਕੀਰਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਪੰਜਵੀਂ ਤੋਂ ਅੱਠਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਅੰਗਦਪ੍ਰੀਤ ਸਿੰਘ ਨੇ ਪਹਿਲਾ, ਅਮਨਜੋਤ ਕੌਰ ਨੇ ਦੂਜਾ ਅਤੇ ਹਰਮਨ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਮੁਕਾਬਲਿਆਂ ਵਿੱਚ ਪਰਨੀਤ ਕੌਰ ਢਿੱਲੋਂ ਨੇ ਪਹਿਲਾ, ਹਰਸ਼ਦੀਪ ਨੇ ਦੂਜਾ ਅਤੇ ਜਸਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਹਰੇਕ ਗਰੁੱਪ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 11,000/- ਰੁਪਏ, ਦੂਸਰੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 5,100/- ਰੁਪਏ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀ ਨੂੰ 3,100/- ਰੁਪਏ ਦਾ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।