ਮਾਨਸਾ, 14 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ 8 ਮੁਕੱਦਮੇ ਦਰਜ ਕੀਤੇ ਹਨ।ਗ੍ਰਿ ਕੀਤੇ ਵਿਅਕਤੀਆਂ ਪਾਸੋਂ 2 ਕਿਲੋਗ੍ਰਾਮ ਭੁੱਕੀ ਚੂਰਾਪੋਸਤ, 55 ਨਸ਼ੀਲੀਆਂ ਗੋਲੀਆਂ, 280 ਲੀਟਰ ਲਾਹਣ, 1 ਚਾਲੂ ਭੱਠੀ ਅਤੇ 174 ਬੋਤਲਾਂ ਸ਼ਰਾਬ ਸਮੇਤ ਮੋਟਰਸਾਈਕਲ-ਰੇਹੜੀ ਦੀ ਬਰਾਮਦਗੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਜਤਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ 2 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋਣ ‘ਤੇ ਉਸ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਡਾ. ਭਾਰਗਵ ਨੇ ਦੱਸਿਆ ਕਿ ਇਸੇ ਤਰਾ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਵਿੱਕੀ ਸਿੰਘ ਪੁੱਤਰ ਮੱਖਣ ਸਿੰਘ ਅਤੇ ਗੁਰਦੀਪ ਸਿੰਘ ਉਰਫ ਸੋਨੀ ਪੁੱਤਰ ਮੱਲ ਸਿੰਘ ਵਾਸੀਆਨ ਸਿਰਸੀਵਾਲਾ ਨੂੰ ਕਾਬੂ ਕਰਕੇ 55 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡਲ ਬਰਾਮਦ ਹੋਣ ‘ਤੇ ਉਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।ਉਨ੍ਹਾਂ ਦੱਸਿਆ ਕਿ ਉਕਤ ਦੋਨਾਂ ਮੁਕੱਦਮਿਆਂ ਵਿੱਚ ਗ੍ਰਿਫਤਾਰ ਤਿੰਨਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮਿਆਂ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ। ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਸਤਪਾਲ ਸਿੰਘ ਪੁੱਤਰ ਪ੍ਰਭੂ ਸਿੰਘ, ਲੀਲਾ ਸਿੰਘ ਪੁੱਤਰ ਮੇਹਰ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਅਮਰ ਸਿੰਘ ਵਾਸੀਆਨ ਬੀਰੇਵਾਲਾ ਡੋਗਰਾ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਢੁੱਕਵੀ ਜਗ੍ਹਾ ‘ਤੇ ਨਾਕਾਬੰਦੀ ਕਰਕੇ ਸਤਪਾਲ ਸਿੰਘ ਨੂੰ ਕਾਬੂ ਕਰਕੇ 132 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਸਮੇਤ ਮੋਟਰਸਾਈਕਲ-ਰੇਹੜੀ ਨੰਬਰ ਪੀ.ਬੀ.31ਈ-9530 ਬਰਾਮਦ ਕੀਤੀ ਗਈ ਅਤੇ ਲੀਲਾ ਸਿੰਘ ਤੇ ਜਸਵੰਤ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਕੌਰ ਸਿੰਘ ਪੁੱਤਰ ਮੈਂਗਲ ਸਿੰਘ ਵਾਸੀ ਤਾਮਕੋਟ, ਹਾਲ ਪ੍ਰੀਤ ਨਗਰ ਮਾਨਸਾ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਰੇਡ ਕਰਕੇ ਉਕਤ ਵਿਅਕਤੀ ਨੂੰ ਨਜਾਇਜ ਸ਼ਰਾਬ ਕਸੀਦ ਕਰਦਿਆ ਮੌਕੇ ‘ਤੇ ਕਾਬੂ ਕਰਕੇ 1 ਚਾਲੂ ਭੱਠੀ, 50 ਲੀਟਰ ਲਾਹਣ ਅਤੇ 5 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕੀਤੀਆਂ ਗਈਆਂ। ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਤਰਸੇਮ ਸਿੰਘ ਸੇਮੀ ਪੁੱਤਰ ਬਾਵਾ ਸਿੰਘ ਵਾਸੀ ਸਿਰਸੀਵਾਲਾ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਅਤੇ ਪੁਲਿਸ ਪਾਰਟੀ ਵੱਲੋਂ ਰੇਡ ਕਰਕੇ ਤਰਸੇਮ ਸਿੰਘ ਨੂੰ ਕਾਬੂ ਕਰਕੇ 200 ਲੀਟਰ ਲਾਹਣ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੈਣੀਬਾਘਾ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਅਤੇ ਰੇਡ ਕਰਕੇ ਉਸ ਨੂੰ ਕਾਬੂ ਕਰਕੇ 30 ਲੀਟਰ ਲਾਹਣ ਅਤੇ 13 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਸੱਤਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਬੋਹਾ ਨੂੰ ਕਾਬੂ ਕਰਕੇ 15 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਹੋਣ ‘ਤੇ ਉਸ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਾਇਆ।ਇਸੇ ਤਰ੍ਹਾਂ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਲਖਵਿੰਦਰ ਸਿੰਘ ਲੱਖਾ ਪੁੱਤਰ ਹਰਨੇਕ ਸਿੰਘ ਵਾਸੀ ਦੂਲੋਵਾਲ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਹੋਣ ‘ਤੇ ਉਸ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਾਇਆ ਗਿਆ ਹੈ। ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨਸ਼ਿਆ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।