*ਨਸ਼ਾ ਤਸਕਰੀ ਦੇ ਕੇਸ ‘ਚ ਜ਼ਮਾਨਤ ਲਈ ਬਿਕਰਮ ਮਜੀਠੀਆ ਪਹੁੰਚੇ ਅਦਾਲਤ*

0
77

ਚੰਡੀਗੜ੍ਹ 23,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਨਸ਼ਾ ਤਸਕਰੀ ਦੇ ਕੇਸ ਖਿਲਾਫ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਜ਼ਮਾਨਤ ਲਈ ਅਦਾਲਤ ਪਹੁੰਚ ਗਏ ਹਨ। ਉਨ੍ਹਾਂ ਨੇ ਅੱਜ ਮੁਹਾਲੀ ਦੀ ਅਦਾਲਤ ‘ਚ ਆਪਣੇ ਖਿਲਾਫ ਦਰਜ ਹੋਏ ਨਸ਼ਾ ਤਸਕਰੀ ਦੇ ਕੇਸ ਸਬੰਧੀ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਹੈ।

ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਬਾਰੇ ਜੱਜ ਸਾਹਮਣੇ ਬਹਿਸ ਪੂਰੀ ਹੋ ਗਈ ਹੈ। ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਬਹਿਸ ਤੋਂ ਬਾਅਦ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਲੰਬੀ ਬਹਿਸ ਮਗਰੋਂ ਜੱਜ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਹੈ। ਉਹ ਜੱਜ ਦੇ ਫ਼ੈਸਲੇ ਤੋਂ ਬਾਅਦ ਹੀ ਮੀਡੀਆ ਦੇ ਮੁਖ਼ਾਤਬ ਹੋਣਗੇ।

ਦੱਸ ਦਈਏ ਕਿ ਨਸ਼ਿਆਂ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਪੰਜਾਬ ਪੁਲਿਸ ਅਜੇ ਤੱਕ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਖੁਫੀਆ ਸੂਚਨਾ ਤੋਂ ਬਾਅਦ ਪੁਲਿਸ ਟੀਮ ਨੇ ਗੁਆਂਢੀ ਸੂਬਿਆਂ ‘ਚ ਛਾਪੇਮਾਰੀ ਕੀਤੀ ਪਰ ਮਜੀਠੀਆ ਨਹੀਂ ਮਿਲਿਆ। ਪਹਿਲਾਂ ਪੁਲਿਸ ਟੀਮ ਨੂੰ ਮਜੀਠੀਆ ਦੇ ਪੰਜਾਬ ਛੱਡ ਕੇ ਰਾਜਸਥਾਨ ਵਿੱਚ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਟੀਮਾਂ ਉੱਥੇ ਭੇਜੀਆਂ ਗਈਆਂ ਪਰ ਮਜੀਠੀਆ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।

ਇਸ ਦੇ ਨਾਲ ਹੀ ਹੁਣ ਪੁਲਿਸ ਪੰਜਾਬ ਨਾਲ ਲੱਗਦੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਹਰਿਆਣਾ ਵਿੱਚ ਵੀ ਮਜੀਠੀਆ ਨੂੰ ਲੱਭ ਰਹੀ ਹੈ। ਸੂਤਰਾਂ ਮੁਤਾਬਕ ਪੁਲਿਸ ਟੀਮ ਨੂੰ ਮਿਲੇ ਨਵੇਂ ਇਨਪੁਟਸ ਦੇ ਆਧਾਰ ‘ਤੇ ਉੱਤਰ ਪ੍ਰਦੇਸ਼ (ਯੂਪੀ) ‘ਚ ਛਾਪੇਮਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗ੍ਰਹਿ ਵਿਭਾਗ ਦੀ ਵਾਗਡੋਰ ਸੰਭਾਲ ਰਹੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਡਰੱਗਜ਼ ਕੇਸ ਦਰਜ ਹੋਣ ਦੀ ਸੂਚਨਾ ਲੀਕ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦਰਅਸਲ ਮਾਮਲਾ ਦਰਜ ਕਰਨ ਦੀ ਕਾਰਵਾਈ ਦਾ ਪਤਾ ਲੱਗਦਿਆਂ ਹੀ ਮਜੀਠੀਆ ਅੰਡਰ ਗ੍ਰਾਉਂਡ ਹੋ ਗਿਆ ਸੀ।

ਬੀਤੇ ਦਿਨ ਮਜੀਠੀਆ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਕਿਉਂਕਿ ਇਸ ਕੇਸ ਕਰਕੇ ਉਸ ਦੇ ਵਿਦੇਸ਼ ਭੱਜਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਚੋਣ ਰੈਲੀਆਂ ਵਿੱਚ ਆਪਣੀ ਪਿੱਠ ਥਾਪੜਣ ਵਾਲੀ ਕਾਂਗਰਸ ਪਾਰਟੀ ਤੇ ਪੰਜਾਬ ਸਰਕਾਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਫੜਨ ਵਿੱਚ ਨਾਕਾਮ ਰਹੀ ਹੈ।

LEAVE A REPLY

Please enter your comment!
Please enter your name here