
ਬੁਢਲਾਡਾ 26 ਜੂਨ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਕ ਸਿਵਲ ਹਸਪਤਾਲ ਵਿੱਚ ਅੰਤਰ ਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਬੋਲਦਿਆਂ ਐਸ.ਐਮ.ਓ. ਡਾਕਟਰ ਗੁਰਚੇਤਨ ਪ੍ਰਕਾਸ਼ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ—ਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਯਤਨ ਕਰੇ। ਅਕਸਰ ਕਿਹਾ ਜਾਂਦਾ ਹੈ ਕਿ ਨਸ਼ੇ ਤੋਂ ਨਫਰਤ ਕਰੋ, ਨਸ਼ਾ ਕਰਨ ਵਾਲੇ ਤੋਂ ਨਹੀਂ। ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗਲਤ ਹੈ। ਉਸ ਨੂੰ ਬਿਮਾਰ ਜਾਂ ਮਾਨਸਿਕ ਪੀੜਤ ਵਿਅਕਤੀ ਦੇ ਵਾਂਗ ਹੀ ਸਮਝਣਾ, ਉਸਦਾ ਇਲਾਜ ਕਰਵਾਉਣਾ ਅਤੇ ਉਸਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਮੱਸਿਆ ਦੇ ਖਾਤਮੇ ਲਈ ਓਟ ਕੇਂਦਰ, ਨਸ਼ਾ ਛੁਡਾਊ ਕੇਂਦਰ ਅਤੇ ਪੁਨਰਵਸੇਬਾ ਕੇਂਦਰਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ਼ ਚਲਾਇਆ ਜਾ ਰਿਹਾ ਹੈ । ਇਨ੍ਹਾਂ ਕੇਂਦਰਾ ਵਿਚ ਇਲਾਜ ਦੇ ਨਾਲ ਨਾਲ ਮਾਹਿਰ ਕਾਊਂਸਲਰਾਂ ਅਤੇ ਮਨੋਰੋਗ ਮਾਹਿਰਾਂ ਵੱਲੋਂ ਉਨ੍ਹਾਂ ਦੀ ਕਾਊਂਸਲਿਂਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਨਸ਼ਾ ਛੱਡਣ ਲਈ ਮਾਨਸਿਕ ਤੌਰ ਤੇ ਵੀ ਮਜਬੂਤ ਹੋ ਸਕਣ। ਨਸ਼ਿਆ ਦੀ ਦਲਦਲ ਵਿਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਿਖਾਉਣ, ਸਮਾਜ ਵਿਚ ਉਹਨਾਂ ਦਾ Wਤਬਾ ਮੁੜ ਸੁਰਜੀਤ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਰਗ–ਡੀ ਅਡਿਕਸ਼ਨ ਪ੍ਰੋਗਰਾਮ ਤਹਿਤ ’ਨਸ਼ਿਆਂ ਨੂੰ ਕਹੋ ਨਾ, ਜਿੰਦਗੀ ਨੂੰ ਕਹੋ ਹਾਂ’ ਦਾ ਨਾਰਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਵੀ ਸਰਕਾਰ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਨਸ਼ਿਆਂ ਰੂਪੀ ਦਲਦਲ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਤਰੱਕੀ ਦੇ ਰਾਹ ਤੇ ਵਧ ਸਕੇ । ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਪੇਂਡੂ ਸਿਹਤ ਕਮੇਟੀਆਂ ਦੇ ਤਾਲ ਮੇਲ ਨੇ ਅਨੇਕਾਂ ਘਰਾਂ ਨੂੰ ਉਜੜਣ ਤੋਂ ਬਚਾ ਲਿਆ ਹੈ। ਬਹੁਤੇ ਤਾਂ ਤੰਦਰੁਸਤ ਹੋਕੇ ਆਪਣੇ ਪਰਿਵਾਰਾਂ ਨਾਲ ਇਸ ਖੂਬਸੁਰਤ ਜਿੰਦਗੀ ਦਾ ਆਨੰਦ ਵੀ ਲੈ ਰਹੇ ਹਨ। ਘੱਟੋ ਘੱਟ ਇਕ ਵਿਅਕਤੀ ਦਾ ਨਸ਼ਾ ਛੁਡਾਈਏ ਅਤੇ ਸਾਰੇ ਪਰਿਵਾਰ ਦੇ ਜੀਵਨ ਦਾਨ ਦਾ ਪੁੰਨ ਕਮਾਈਏ।
