*ਨਵੇਂ ਸਿਰੇ ਤੋਂ ਬਣੇਗੀ ਫਾਟਕ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ*

0
309


ਮਾਨਸਾ, 22 ਅਗਸ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਸ਼ਹਿਰ ਵਿਚਕਾਰਲੇ ਰੇਲਵੇ ਫਾਟਕ ਲਾਗੇ ਸਟੇਸ਼ਨ ਨੂੰ ਜਾਂਦੀ ਸੜਕ ਹੁਣ ਨਵੇਂ ਸਿਰੇ ਤੋਂ ਬਣਨੀ ਸ਼ੁਰੂ ਹੋ ਗਈ। ਇਹ ਸੜਕ ਫਾਟਕ ਤੋਂ ਲੈ ਕੇ ਰੇਲਵੇ ਸਟੇਸ਼ਨ ਅਤੇ ਚਕੇਰੀਆਂ ਰੋਡ ਨੂੰ ਜਾ ਕੇ ਮਿਲਦੀ ਹੈ। ਜੋ ਜਗ੍ਹਾ ਜਗ੍ਹਾ ਤੋਂ ਟੁੱਟ ਗਈ ਸੀ। ਸੋਮਵਾਰ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਸੜਕ ਦੇ ਪੁਨਰ ਨਿਰਮਾਣ ਲਈ ਟੱਕ ਲਗਾ ਕੇ ਇਸ ਦਾ ਕੰਮ ਸ਼ੁਰੂ ਕਰਵਾਇਆ। ਵਿਧਾਇਕ ਨੇ ਆਪਣੀ ਹਾਜ਼ਰੀ ਵਿਚ ਹੀ ਸੜਕ ਤੇ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੇ ਇਸ ਕਾਰਜ ਦੀ ਸ਼ਹਿਰ ਵਾਸੀਆਂ ਨੇ ਪ੍ਰਸ਼ੰਸ਼ਾ ਕੀਤੀ ਹੈ। ਰੇਲਵੇ ਫਾਟਕ ਲਾਗੇ ਟਰੈਫਿਕ ਜ਼ਿਆਦਾ ਹੋਣ ਕਰਕੇ ਗਊਸ਼ਾਲਾ ਰੋਡ ਦੇ ਬਰਾਬਰ ਇਸ ਸੜਕ ਉਪਰੋਂ ਵੀ ਭਾਰੀ ਟਰੈਫਿਕ ਲੰਘਦਾ ਹੈ। ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਮਾਨਸਾ ਦੇ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ ਅਤੇ ਪ੍ਰਤੀਦਿਨ ਉਹ ਸ਼ਹਿਰ ਦੀਆਂ ਸਮੱਸਿਆਵਾਂ ਦਾ ਜਾਇਜਾ ਲੈ ਕੇ ਸੜਕਾਂ, ਗਲੀਆਂ ਦਾ ਪੁਨਰ ਨਿਰਮਾਣ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਹ ਸੜਕ ਬਜਾਰ ਵਿਚਕਾਰ ਹੋਣ ਕਾਰਨ ਟਰੈਫਿਕ ਨਾਲ ਭਰੀ ਰਹਿੰਦੀ ਸੀ। ਨਵੇਂ ਸਿਰੇ ਤੋਂ ਇਸ ਦਾ ਨਿਰਮਾਣ ਨਹੀਂ ਹੋਇਆ ਸੀ ਅਤੇ ਮੀਂਹਾਂ ਦੇ ਮੌਸਮ ਵਿਚ ਸੜਕ ਜਗ੍ਹਾ ਜਗ੍ਹਾ ਤੋਂ ਟੁੱਟ ਕੇ ਅਵਾਜਾਈ ਲਈ ਮੁਸ਼ਕਿਲਾਂ ਪੈਦਾ ਹੋ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਪ੍ਰੀਮਿਕਸ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਕੁੱਝ ਹੀ ਦਿਨਾਂ ਵਿਚ ਇਹ ਸੜਕ ਮੁਕੰਮਲ ਕਰ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਸ਼ਹਿਰ ਵਾਸੀਆਂ ਦੀ ਟਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਵਿਚਕਾਰਲੇ ਫਾਟਕ ਲਾਗੇ ਰੇਲਵੇ ਕਲੋਨੀ ਨੂੰ ਜਾਂਦੇ ਰਸਤੇ ਦਾ ਫਾਟਕ ਖੁੱਲ੍ਹਵਾਇਆ। ਜਿਸ ਵਿਚੋਂ ਦੀ ਕੁੱਝ ਟਰੈਫਿਕ ਲੰਘ ਸਕੇਗਾ ਅਤੇ ਭੀੜ ਭੜੱਕੇ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਗੇਟ ਨੂੰ ਪੱਕੇ ਤੌਰ ਤੇ ਖੁੱਲ੍ਹਵਾਉਣ ਲਈ ਵੀ ਉਨ੍ਹਾਂ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਇਹ ਟਰੈਫਿਕ ਦੀ ਸਮੱਸਿਆ ਗੰਭੀਰ ਨਾ ਹੋਵੇ। ਇਸ ਮੌਕੇ ਉਨ੍ਹਾਂ ਨਾਲ ਪ੍ਰਸ਼ੋਤਮ ਬਾਂਸਲ, ਕੌਂਸਲਰ ਪ੍ਰਵੀਨ ਗਰਗ ਟੋਨੀ, ਕੌਂਸਲਰ ਬਿੰਦਰ, ਕੌਂਸਲਰ ਵਿਸ਼ਾਲ ਗੋਲਡੀ, ਡਾ. ਜਨਕ ਰਾਜ ਸਿੰਗਲਾ, ਡਾ. ਤਰਲੋਕ ਸਿੰਘ, ਡਾ. ਤੇਜਿੰਦਰਪਾਲ ਸਿੰਘ ਰੇਖੀ, ਕੌਂਸਲਰ ਰਾਮਪਾਲ ਸਿੰਘ, ਸੰਜੀਵ ਪਿੰਕਾ, ਅੰਮ੍ਰਿਤ ਧੀਮਾਨ, ਜਗਵੀਰ ਸਿੰਘ, ਗੁਰਲਾਲ ਸਿੰਘ, ਆਸ਼ੂ ਆਹੂਜਾ, ਅਮਨ ਸਿੰਗਲਾ, ਕ੍ਰਿਸ਼ਨ ਮਿੱਤਲ, ਸੋਨੀਆ, ਰਿੰਪੀ ਆਦਿ ਸ਼ਹਿਰ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here