ਮਾਨਸਾ 1/1/25 ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) ਸੀਵਰੇਜ ਸਿਸਟਮ ਦੇ ਪੱਕੇ ਹੱਲ ਲਈ ਕੌਂਸਲਰਾਂ ਰਾਮਪਾਲ ਸਿੰਘ, ਅਮ੍ਰਿਤਪਾਲ ਗੋਗਾ, ਅਜੀਤ ਸਿੰਘ ਸਰਪੰਚ ਤੇ ਹੰਸਾ ਸਿੰਘ ਸਮੇਤ ਜਥੇਬੰਦੀਆਂ ਵੱਲੋਂ 66 ਵੇਂ ਦਿਨ ਨਵੇਂ ਸਾਲ ਮੌਕੇ ਧਰਨਾ ਵੀ ਜਾਰੀ ਰਿਹਾ।
ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਮਜ਼ਦੂਰ ਮੁਕਤੀ ਮੋਰਚਾ ਅਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਮਾਓ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ.ਧੰਨਾ ਮੱਲ ਗੋਇਲ,ਹੈਡੀਕੈਪਟ ਐਸੋਸੀਏਸ਼ਨ ਦੇ ਅਸ਼ਵਨੀ ਕੁਮਾਰ ਸ਼ਰਮਾ ਅਤੇ ਅਮ੍ਰਿਤਪਾਲ ਸਿੰਘ ਕੂਕਾ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਲਗਭਗ ਢਾਈ ਮਹੀਨਿਆਂ ਤੋਂ ਸੀਵਰੇਜ ਸਮੱਸਿਆ ਦੇ ਪੱਕੇ ਹੱਲ ਲਈ ਕੌਂਸਲਰਾਂ ਸਮੇਤ ਸ਼ਹਿਰ ਦੀਆਂ ਧਾਰਮਿਕ ਸਮਾਜਿਕ, ਵਪਾਰਕ, ਰਾਜਸੀ ਜਥੇਬੰਦੀਆਂ ਤੇ ਜਮਹੂਰੀ ਲੋਕਾਂ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਪ੍ਰੰਤੂ ਅਜੇ ਤਕ ਸਥਾਨਕ ਐਮ ਐਲ ਏ ਵਿਜੇ ਕੁਮਾਰ ਸਿੰਗਲਾ, ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਤ ਮਹਿਕਮੇ ਵੱਲੋਂ ਕੋਈ ਧਰਨਾਕਾਰੀਆਂ ਨਾਲ ਮੀਟਿੰਗ ਨਾ ਕਰਨਾ ਇਹ ਸਿੱਧ ਕਰਦੀ ਹੈ ਕਿ ਸਰਕਾਰ ਦੀ ਨੀਤੀ ਤੇ ਨੀਅਤ ਵਿਚ ਪੂਰੀ ਤਰ੍ਹਾਂ ਖੋਟ ਹੈ।
ਅੰਤ ਵਿੱਚ ਆਗੂਆਂ ਨੇ ਕਿਹਾ ਕਿ ਅਗਰ ਸੀਵਰੇਜ ਦੇ ਪੱਕੇ ਮਸਲੇ ਸਬੰਧੀ ਸਰਕਾਰ ਵੱਲੋਂ ਕੋਈ ਠੋਸ ਕਦਮ ਨਾ ਚੁਕਿਆ ਗਿਆ ਤਾਂ ਸ਼ਹਿਰੀਆਂ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਨੌਜਵਾਨ ਦੇ ਹਰਪ੍ਰੀਤ ਸਿੰਘ ਮਾਨਸਾ,ਬਲਕਰਨ ਸਿੰਘ ਬੱਲੀ, ਪ੍ਰਦੀਪ ਮਾਖਾ,ਸੁਖਜੀਤ ਸਿੰਘ ਘੁੱਦੂਵਾਲਾ,ਅਸੀਮ ਗੋਇਲ ਆਦਿ ਆਗੂਆਂ ਨੇ ਸੰਬੋਧਨ ਕੀਤਾ।