ਮਾਨਸਾ 30,ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ-ਬਠਿੰਡਾ ਇਲਾਕੇ ਵਿਚ ਜਿਹੜੇ ਬੱਸ ਮਾਲਕਾਂ ਨੇ ਨਵੀਆਂ CNG TATA ਬੱਸਾਂ ਪਾਈਆਂ ਹਨ, ਉਹ ਹੁਣ ਬੱਸਾਂ ਦੇ ਬਾਡੀਆਂ ਲੱਗਣ ਤੋਂ ਬਾਅਦ ਦੁਖੀ ਹੋਕੇ ਰੋਣ ਲੱਗੇ ਹਨ। ਮਹਿੰਗੀਆਂ ਬੱਸਾਂ ਨੇ ਉਨ੍ਹਾਂ ਲਈ ਵੱਡੀਆਂ ਪ੍ਰੇਸ਼ਾਨੀਆਂ ਪਾ ਦਿੱਤੀਆਂ ਹਨ।ਝੁਨੀਰ ਟਰਾਂਸਪੋਰਟ ਕੰਪਨੀ ਦੇ ਮਾਲਕ ਅਜੀਤ ਪਾਲ ਸਿੰਘ ਅਤੇ ਰਾਜ ਕੁਮਾਰ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਨਵੀਆਂ ਬੱਸ ਚਾਸੀਆਂ ਕਿ੍ਸ਼ਨਾ ਆਟੋ ਸੇਲਜ਼ ਬਠਿੰਡਾ ਤੋਂ ਖਰੀਦੀਆਂ ਅਤੇ ਭਦੌੜ GC ਤੋਂ ਵਧੀਆ ਬਾਡੀਆਂ ਲਵਾਈਆਂ,ਪਰ ਦੋਵੇਂ ਬੱਸਾਂ ਹੁਣ ਕੁਝ ਦਿਨ ਰੂਟ ਉਪਰ ਚੱਲਣ ਤੋਂ ਬਾਅਦ ਸਟਾਰਟ ਨਹੀਂ ਹੋ ਰਹੀਆਂ ਹਨ। ਮਾਲਕਾਂ ਨੇ ਅੱਕਕੇ ਦੱਸਿਆ ਕਿ ਇਹਨਾਂ ਬੱਸਾਂ ਦੇ ਨਾ ਸਟਾਰਟ ਹੋਣ ਦਾ ਉਹ ਰੋਣਾ TATA ਕੰਪਨੀ ਕੋਲ ਲਗਾਤਾਰ ਰੋ ਰਹੇ ਹਨ। ਇੱਕ ਬੱਸ ਤਾਂ 17 ਅਗਸਤ ਤੋਂ ਮਾਨਸਾ ਵਿਖੇ ਕਿਸਾਨ ਵਰਕਸ਼ਾਪ ਵਿੱਚ ਖੜੀ ਹੈ ਅਤੇ ਉਸ ਦਾ 13 ਦਿਨ ਬਾਅਦ ਵੀ ਸਪੇਅਰ ਪਾਰਟਸ ਕੰਪਨੀ ਵਲੋਂ ਨਹੀਂ ਆਇਆ ਹੈ। ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਟਾਟਾ ਕੰਪਨੀ ਵਲੋਂ ਠੀਕ ਹੋਣ ਸਬੰਧੀ ਸਮਾਂਬੱਧ ਕੋਈ ਤਸੱਲੀਬਖ਼ਸ਼ ਜਵਾਬ ਵੀ ਨਹੀਂ ਦਿੱਤੇ ਜਾ ਰਹੇ ਹਨ ਅਤੇ ਦੋਵੇਂ ਬੱਸਾਂ ਉਪਰ ਸਮੇਤ ਬਾਡੀ ਲੱਗਭਗ 60 ਲੱਖ ਰੁਪਏ ਲਾਕੇ ਵੀ ਬੱਸਾਂ ਨਾ ਚੱਲਣ ਮਾਲਕ ਵਾਸਤੇ ਇਸ ਤੋਂ ਮਾੜੇ ਦਿਨ ਹੋਰ ਕੀ ਹੋ ਸਕਦੇ ਹਨ ? ਉਨ੍ਹਾਂ ਕਿਹਾ ਕਿ ਉਹ ਹੁਣ ਟਾਟਾ ਕੰਪਨੀ ਖ਼ਿਲਾਫ਼ ਕੰਜਿਉਮਰ ਕੋਰਟ ਵਿੱਚ ਜਾ ਰਹੇ ਹਨ ਅਤੇ ਹੋਰ ਮਾਲਕਾਂ ਨੂੰ ਭਾਈਚਾਰਕ ਤੌਰ ‘ਤੇ ਨਾਲ ਲੈਕੇ ਧਰਨਾ ਲਾਉਣ ਲਈ ਮਜਬੂਰ ਹੋ ਰਹੇ ਹਨ।ਅਜਿਹਾ ਹਾਲ ਹੀ ਇੱਕ ਬਠਿੰਡਾ ਦੀ ਵੱਡੀ ਕੰਪਨੀ ਦਾ ਵੀ ਹੈ।