ਚੰਡੀਗੜ੍ਹ 14,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਕਾਂਗਰਸ ਦਾ ਕਲੇਸ਼ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੀ ਜੰਗ ਜੱਗ ਜ਼ਾਹਿਰ ਹੋਣ ਮਗਰੋਂ ਕਾਂਗਰਸ ਹਾਈ ਕਮਾਨ ਨੇ ਇਸ ‘ਚ ਦਖਲ ਦੇਣਾ ਲਾਜ਼ਮੀ ਸਮਝਿਆ। ਇਸ ਤੋਂ ਬਾਅਦ ਲਗਾਤਾਰ ਕਈ ਮੀਟਿੰਗਾਂ ਹੋਈਆਂ। ਨਾਲ ਹੀ ਕਾਂਗਰਸ ਹਾਈ ਕਮਾਨ ਸਣੇ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਵੀ ਨਵਜੋਤ ਸਿੱਧੂ ਨਾਲ ਮੀਟਿੰਗ ਕੀਤੀ।
ਕਾਂਗਰਸ ਹਾਈ ਕਮਾਨ ਕਿਸੇ ਵੀ ਹੀਲੇ ਇਸ ਵਿਵਾਦ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਖ਼ਤਮ ਕਰਨਾ ਚਾਹੁੰਦੀ ਹੈ। ਇਸ ਲਈ ਹੁਣ ਪੂਰੀ ਉਮੀਦ ਹੈ ਕਿ ਸਿੱਧੂ ਤੇ ਕੈਪਟਨ ਦਾ ਇੱਕ ਦੂਜੇ ਨਾਲ ਚੱਲ ਰਿਹਾ ਕਲੇਸ਼ ਇੱਕ-ਦੋ ਦਿਨ ‘ਚ ਖ਼ਤਮ ਹੋ ਸਕਦਾ ਹੈ। ਇਸ ਦਾ ਕਾਰਨ ਪਾਰਟੀ ਸੂਤਰਾਂ ਤੋਂ ਮਿਲੀ ਅਹਿਮ ਜਾਣਕਾਰੀ ਹੈ।
ਪਾਰਟੀ ਸੂਤਰਾਂ ਨੇ ਕਿਹਾ ਕਿ ਹਾਈ ਕਮਾਨ ਨੇ ਨਵਜੋਤ ਸਿੱਧੂ ਦੀ ਸੂਬਾ ਪ੍ਰਧਾਨ ਵਜੋਂ ਤਾਜਪੋਸ਼ੀ ਦੀ ਤਿਆਰੀ ਕਰ ਲਈ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪਾਰਟੀ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨੂੰ ਦਰਕਿਨਾਰ ਕਰ ਦਿੱਤਾ ਹੈ। ਹਾਲਾਂਕਿ, ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਕੈਪਟਨ ਹੀ ਹੋਣਗੇ।
ਦੱਸ ਦਈਏ ਕਿ ਮੰਗਲਵਾਰ ਨੂੰ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਕਾਫੀ ਤਾਰੀਫ ਕੀਤੀ ਸੀ। ਬਾਅਦ ਵਿੱਚ ਸ਼ਾਮ ਨੂੰ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਨਾਲ ਹੀ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਗਲੇ 3-4 ਦਿਨਾਂ ਵਿੱਚ ਪੰਜਾਬ ਕਾਂਗਰਸ ਲਈ ਖੁਸ਼ਖਬਰੀ ਆ ਸਕਦੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਨੇ ਸਿੱਧੂ ਬਾਰੇ ਬੈਠਕ ਨੂੰ ਇੰਨਾ ਮਹੱਤਵ ਦਿੱਤਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਸਬੰਧੀ ਮਹੱਤਵਪੂਰਨ ਬੈਠਕ ਰੱਦ ਕਰ ਦਿੱਤੀ।
ਸਿੱਧੂ ਦੇ ਭਵਿੱਖ ਬਾਰੇ ਵਿਚਾਰ ਵਟਾਂਦਰੇ
ਇਹ ਮੁਲਾਕਾਤ ਸਿੱਧੂ ਦੇ ਕਾਂਗਰਸ ਵਿਚ ਆਉਣ ਵਾਲੇ ਭਵਿੱਖ ਸਬੰਧੀ ਕੀਤੀ ਗਈ। ਪਾਰਟੀ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਕਾਂਗਰਸ ਵਿਚ ਉਸਦਾ ਭਵਿੱਖ ਕਿਵੇਂ ਰਹੇਗਾ। ਹਾਲਾਂਕਿ, ਅੱਜ ਸਿੱਧੂ ਨੇ ਆਪਣੇ ਇੱਕ ਟਵੀਟ ਰਾਹੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਹੈ। ਇਸ ਲਈ ਪਾਰਟੀ ਹਰ ਢੰਗ ਨਾਲ ਇਹ ਮੁਲਾਂਕਣ ਕਰ ਰਹੀ ਹੈ ਕਿ ਪਾਰਟੀ ਵਿੱਚ ਰਹਿ ਕੇ ਕਾਂਗਰਸ ਨੂੰ ਕਿਸ ਤਰ੍ਹਾਂ ਦਾ ਸਿਆਸੀ ਨੁਕਸਾਨ ਜਾਂ ਫਾਇਦਾ ਹੋ ਸਕਦਾ ਹੈ।