ਚੰਡੀਗੜ੍ਹ 21,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਉਨ੍ਹਾਂ ਨੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਪੀੜਤਾਂ ਨੂੰ ਨੌਕਰੀਆਂ ਦੇਣ ਤੇ ਉਨ੍ਹਾਂ ਦੀ ਆਰਥਿਕ ਮਦਦ ਕਰਨ ਲਈ ਕਿਹਾ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਕੰਮ ਕੀਤਾ ਹੈ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਨੂੰ ਨੌਕਰੀ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਦੱਸ ਦਈਏ ਕਿ ਸਿੱਧੂ ਅੱਜ-ਕੱਲ੍ਹ ਕਾਫੀ ਸਰਗਰਮ ਹਨ। ਸਿੱਧੂ ਨੇ ਸੋਮਵਾਰ ਨੂੰ ਅਚਾਨਕ ਬਹਿਬਲ ਕਲਾਂ ਧਰਨੇ ’ਚ ਸ਼ਿਰਕਤ ਕੀਤੀ ਸੀ। ਉਹ ਕਰੀਬ ਇੱਕ ਘੰਟਾ ਇੱਥੇ ਰੁਕੇ ਸੀ ਤੇ ਧਰਨੇ ’ਤੇ ਬੈਠੇ ਪੀੜਤ ਪਰਿਵਾਰਾਂ ਤੇ ਸਿੱਖ ਸ਼ਖ਼ਸੀਅਤਾਂ ਨੂੰ ਮਿਲੇ। ਉਹ ਲਗਾਤਾਰ ਆਪਣੀ ਸਰਕਾਰ ਉੱਪਰ ਵੀ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਨੇ ਬੇਅਦਬੀ ਦੀ ਮਾਮਲੇ ਉੱਪਰ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਸਟਮ ’ਚੋਂ ਭਰੋਸਾ ਟੁੱਟਣ ਕਾਰਨ ਲੋਕ ਖ਼ੁਦ ਇਨਸਾਫ਼ ਕਰਨ ਲੱਗ ਪਏ ਹਨ। ਉਨ੍ਹਾਂ ਕਿਸੇ ਰਾਜਨੀਤਕ ਖੇਮੇ ਵੱਲ ਅਸਪੱਸ਼ਟ ਇਸ਼ਾਰਾ ਕਰਦਿਆਂ ਆਖਿਆ ਕਿ ਕੁਝ ਲੋਕ ਵੋਟਾਂ ਖ਼ਾਤਰ ਪਵਿੱਤਰ ਦੁੱਧ ’ਚ ਖੱਟਾ ਪਾ ਕੇ ਪੰਜਾਬ ਦੇ ਅਮਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੁਚੇਤ ਪੰਜਾਬੀ ਇਸ ਨੂੰ ਸਫ਼ਲ ਨਹੀਂ ਹੋਣ ਦੇਣਗੇ।