
ਚੰਡੀਗੜ੍ਹ 19 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਪਹਿਲਾ ਦਿਨ ਸੀ ਜਿਸ ‘ਚ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੱਧੂ ਵੀ ਸ਼ਾਮਲ ਹੋਏ। ਕਿਸਾਨੀ ਮਸਲੇ ‘ਤੇ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਅੱਜ ਇੱਕ ਵੀਡੀਓ ਵੀ ਅਪਲੋਡ ਕੀਤੀ ਜਿਸ ‘ਚ ਉਨ੍ਹਾਂ ਸਰਕਾਰਾਂ ਨੂੰ ਕਿਸਾਨਾਂ ਨੂੰ ਭਟਕਾਉਣ ਦੀ ਥਾਂ ਹੱਲ ਦੱਸਣ ਲਈ ਕਿਹਾ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਵੱਲ ਦੇਖ ਰਹੇ ਹਨ। ਇਸ ਲਈ ਉਹ ਮੁੱਦੇ ‘ਤੇ ਆਉਣ ਤੇ ਕੋਈ ਹੱਲ ਦੱਸਣ। ਉਨ੍ਹਾਂ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੇਂਦਰ ਨੇ ਤਾਂ ਆਪਣਾ ਕੰਮ ਕਰ ਦਿੱਤਾ। ਹੁਣ ਅਗਲੇ ਸਾਲ ਉਹ ਚੋਣਾਂ ਤੋਂ ਪਹਿਲਾਂ ਆਪਣੀ ਪਿਠ ਨਹੀਂ ਦਿਖਾ ਸਕਦੀ।
ਉਨ੍ਹਾਂ ਕਿਹਾ ਕਿਸਾਨ ਅੱਜ ਜੋ ਲੜਾਈ ਲੜ ਰਿਹਾ ਹੈ, ਉਸ ਨਾਲ ਸਾਡਾ ਲੋਕਤੰਤਰ ਹੋਰ ਮਜ਼ਬੂਤ ਹੋ ਰਿਹਾ ਹੈ। ਸਿੱਧੂ ਮੁਤਾਬਕ ਕਿਸਾਨਾਂ ਦਾ ਮੌਜੂਦਾ ਸੰਘਰਸ਼ ਸਿਰਫ ਐਮਐਸਪੀ ਲਈ ਨਹੀਂ। ਦਹਾਕਿਆ ਤੋਂ ਕਿਸਾਨ ਸੰਘਰਸ਼ ਕਰ ਰਿਹਾ ਹੈ। ਕਿਸਾਨਾਂ ਦੀਆਂ ਅਸਲੀ ਮੁਸ਼ਕਲਾਂ ਦਾ ਹਲ ਕਰੀਏ ਸਿਰਫ ਦਿਖਾਵੇ ਨਾ ਕਰੀਏ। ਉਨ੍ਹਾਂ ਦੱਸਿਆ ਪੰਜਾਬ ਦੇ ਸਿਸਟਮ ਨੂੰ ਹੋਲੀ ਹੋਲੀ ਮਾਰਿਆ ਗਿਆ ਹੈ। ਹੁਣ ਖਤਮ ਕਰਨ ‘ਤੇ ਆ ਗਏ ਹਨ। ਇਹ ਸੰਘਰਸ਼ ਕੋਈ ਨਵਾਂ ਨਹੀਂ ਹੈ।
ਨਵਜੋਤ ਸਿੱਧੂ ਨੇ ਕਿਹਾ ਕੇਂਦਰ ਦੇ ਫੈਸਲੇ ਨਾਲ ਪੰਜਾਬ ਦੇ ਬਚੇ-ਖੁਚੇ ਕਿਸਾਨ ਮਾਰੇ ਜਾਣਗੇ। ਪੰਜਾਬ ਨੂੰ ਪਹਿਲਾ ਕੇਂਦਰ ਨੇ ਵਰਤਿਆ ਹੁਣ ਪੂੰਜੀਪਤੀ ਵਰਤਨਗੇ। ਇਹ ਕਾਨੂੰਨ ਕਿਸਾਨ ਦੇ ਕਾਨੂੰਨ ਅਧਿਕਾਰ ਖੋਹਣ ਲਈ ਲਿਆਂਦਾ ਗਿਆ ਹੈ। ਤੁਸੀਂ ਕਿਸੇ ਸਿਵਲ ਕੋਰਟ ‘ਚ ਨਹੀਂ ਜਾ ਸਕਦੇ। ਇਹ ਸਾਡੀ ਆਜ਼ਾਦੀ ਸਾਡੇ ਤੋਂ ਲੈ ਲੈਣਗੇ।
ਜੇ ਆਉਣ ਵਾਲੇ ਸਮੇਂ ‘ਚ ਪੀਡੀਐਸ ਬੰਦ ਹੋ ਗਿਆ ਤੇ ਡਾਇਰੈਕਟ ਕੈਸ਼ ਟਰਾਂਸਫਰ ਲੈ ਆਏ ਤਾਂ ਫਿਰ ਐਫਸੀਆਈ ਨੇ ਵੀ ਪੰਜਾਬ ਦੀ ਫਸਲ ਨਹੀਂ ਚੁੱਕਣੀ। ਉਨ੍ਹਾਂ ਕਿਹਾ ਜਿਹੜੀ ਸਰਕਾਰ ਕੋਲ ਜੀਐਸਟੀ ਦਾ ਪੈਸਾ ਸੂਬੇ ਨੂੰ ਦੇਣ ਲਈ ਨਹੀਂ ਹੈ, ਉਹ ਤੁਹਾਡੇ ਖਾਤਿਆ ‘ਚ ਬਿਜਲੀ ਦੀ ਸਬਸਿਡੀ ਦੇ ਪੈਸੇ ਕਿਵੇਂ ਦੇਂਣਗੇ? ਪੰਜਾਬ ਤੋਂ ਸਸਤੀ ਫਸਲ ਬਾਕੀ ਸੂਬਿਆਂ ‘ਚ ਮਿਲ ਰਹੀ ਹੈ। ਫਿਰ ਪੂੰਜੀਪਤੀ ਪੰਜਾਬ ‘ਚੋਂ ਫਸਲ ਕਿਉਂ ਖਰੀਦਣਗੇ।

ਇਸ ਦੌਰਾਨ ਸਿੱਧੂ ਨੇ ਕੁਝ ਸੁਝਾਅ ਦੱਸੇ। ਸਿੱਧੂ ਨੇ ਕਿਹਾ ਸਟੇਟ ਅਸੈਂਬਲੀ ਸਟੇਟ ਦਾ ਸੈਸ਼ਨ ਬੁਲਾਵੇ ਤੇ ਇਨ੍ਹਾਂ ਕਾਲੇ ਕਾਨੂੰਨਾ ਨੂੰ ਲਾਗੂ ਹੋਣ ਤੋਂ ਰੋਕਿਆ ਜਾਵੇ। ਨਵਜੋਤ ਸਿੱਧੂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਬਜ਼ੀਆਂ, ਦਾਲਾਂ ਤੇ ਫਲਾਂ ‘ਤੇ ਐਮਐਸਪੀ ਦੇਵੇ। ਉਨ੍ਹਾਂ ਕਿਹਾ ਪੰਜਾਬ ਦੇ ਛੋਟੇ ਕਿਸਾਨ ਮਿਲ ਕੇ ਇੱਕ ਕਾਨੂੰਨੀ ਇਕਾਈ ਬਣਾਉਣ। ਕਿਸਾਨ ਆਪ ਬੀਜੇ ਤੇ ਆਪ ਵੇਚੇ, ਜਿਸ ਨਾਲ ਸਾਰਾ ਮੁਨਾਫਾ ਕਿਸਾਨ ਕੋਲ ਆਵੇ।
