ਪਟਿਆਲਾ 19,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਨੇ ਚੁੱਪ ਰਹਿਣ ਲਈ ਕਿਹਾ ਹੈ ਅਤੇ ਉਹ ਹਾਈਕਮਾਨ ਦਾ ਹੁਕਮ ਮੰਨ ਰਹੇ ਹਨ। ਇਸ ਗੱਲ ਦਾ ਖੁਲਾਸਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਨੌਰ ਹਲਕੇ ਦੇ ਪਿੰਡ ਚੋਰਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਨਵਜੋਤ ਕੌਰ ਸਿੱਧੂ ਅੱਜ ਪਿੰਡ ਚੋਰਾ ਵਿਖੇ ਰਾਹੁਲ ਗਾਂਧੀ ਦੇ ਜਨਮਦਿਨ ਦੇ ਮੌਕੇ ਲੰਗਰ ਵੰਡਣ ਦੀ ਸ਼ੁਰੂਆਤ ਕਰਨ ਆਏ ਸਨ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹਾਈ ਕਮਾਂਡ ਦੇ ਫੈਸਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣਾ ਫ਼ੈਸਲਾ ਰੱਖਣਗੇ ਕਿ ਪੰਜਾਬ ਦੇ ਭਲੇ ਲਈ ਉਨ੍ਹਾਂ ਨੇ ਕੀ ਕਰਨਾ ਹੈ। ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਿੱਤੇ ਜਾਣ ਦੀ ਵੀ ਆਲੋਚਨਾ ਕੀਤੀ। ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਇਸ਼ਤਿਹਾਰਾਂ ‘ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਜੇ ਕੰਮ ਕੀਤੇ ਹੋਣ ਤਾਂ ਇਸ਼ਤਿਹਾਰਾਂ ਦੀ ਲੋੜ ਨਹੀਂ ਹੁੰਦੀ। ਪੋਸਟਰ ਵਾਰ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਦੇ ਖ਼ਿਲਾਫ਼ ਹਨ ਅਤੇ ਆਪਣੇ ਸਮਰਥਕਾਂ ਨੂੰ ਇਹ ਕੰਮ ਨਾ ਕਰਨ ਲਈ ਸਖ਼ਤ ਤਾੜਨਾ ਦਿੱਤੀ ਹੈ।
ਆਪਣੇ ਚੋਣ ਲੜਨ ਬਾਰੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਜਿੱਥੇ ਕਹੇਗੀ ਉਥੇ ਚੋਣ ਲੜ ਲਿਆ ਜਾਵੇਗਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬਠਿੰਡਾ ਲੋਕ ਸਭਾ ਦੀ ਸੀਟ ਵੀ ਪੇਸ਼ਕਸ਼ ਹੋਈ ਸੀ ਪਰ ਉੱਥੇ ਤਾਂ ਸਾਰੇ ਇਕੱਠੇ ਸਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਪਿਲ ਸ਼ਰਮਾ ਦੇ ਸ਼ੋਅ ਦਾ ਵੀ ਇਨਕਾਰ ਕੀਤਾ ਅਤੇ ਦੁਬਈ ਵਿਖੇ ਹੋ ਰਹੇ ਕ੍ਰਿਕਟ ਟੂਰਨਾਮੈਂਟ ਦੇ 10 ਕਰੋੜ ਦੇ ਪੈਕੇਜ ਨੂੰ ਵੀ ਸਿੱਧੂ ਵੱਲੋਂ ਠੁਕਰਾਇਆ ਗਿਆ।