ਜਲੰਧਰ 29,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਅੱਜ ਜਲੰਧਰ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਦਾ ਬੜੇ ਉਤਸ਼ਾਹ ਨਾਲ ਸਵਾਗਤ ਹੋਇਆ। ਸਿੱਧੂ ਨੂੰ ਮਿਲਣ ਲਈ ਕਾਂਗਰਸੀ ਇੰਨੇ ਬੇਤਾਬ ਸੀ ਕਿ ਭੀੜ ਨੂੰ ਕੰਟਰੋਲ ਕਰਨਾ ਵੀ ਔਖਾ ਹੋ ਗਿਆ। ਬੇਕਾਬੂ ਭੀੜ ਵੱਲੋਂ ਕਾਂਗਰਸ ਭਵਨ ਦਾ ਦਰਵਾਜ਼ਾ ਵੀ ਤੋੜ ਦਿੱਤਾ ਗਿਆ ਤੇ ਗਮਲੇ ਵੀ ਉਖਾੜ ਦਿੱਤੇ ਗਏ। ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਅੱਜ ਪਹਿਲੀ ਵਾਰ ਜਲੰਧਰ ਪਹੁੰਚੇ ਸੀ।
ਸਿੱਧੂ ਦੇ ਆਉਣ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸੀ। ਜਲੰਧਰ ਪਹੁੰਚਦੇ ਹੀ ਜਿੱਥੇ ਨਵਜੋਤ ਸਿੱਧੂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਉੱਥੇ ਹੀ ਸਿੱਧੂ ਨੂੰ ਵੇਖ ਇਕੱਠੀ ਹੋਈ ਭੀੜ ਓਵਰਕੰਟਰੋਲ ਹੋ ਗਈ।
ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ। ਖੇਤੀਬਾੜੀ ਸਟੇਟ ਸਬਜੈਕਟ ਹੈ, ਉਸ ਦੇ ਉੱਪਰ ਨਵਾਂ ਕਾਨੂੰਨ ਬਣਨਾ ਚਾਹੀਦਾ ਹੈ। ਕੇਂਦਰ ਸਰਕਾਰ ਸਟੇਟ ਦੇ ਅਧਿਕਾਰਾਂ ਨੂੰ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੀ ਇਸ ਮੁੱਦੇ ‘ਤੇ ਐਸਵਾਈਐਲ ਵਾਂਗ ਪੱਕਾ ਸਟੈਂਡ ਲੈਣ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਸੰਪਰਕ ਸਾਧਨਾ ਚਾਹੀਦਾ ਹੈ, ਚਾਹੇ ਉਹ ਡਾਕਟਰ, ਅਧਿਆਪਕ ਜਾਂ ਫਿਰ ਸਫ਼ਾਈ ਕਰਮਚਾਰੀ ਹੋਣ।
ਇਸ ਦੌਰਾਨ ਸਿੱਧੂ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਕੌਂਸਲਰਾਂ, ਬਲਾਕ ਕਾਂਗਰਸ ਪ੍ਰਧਾਨਾਂ, ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਮੈਂਬਰਾਂ, ਯੂਥ ਕਾਂਗਰਸ ਤੇ ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਚਰਚਾ ਕਰ ਰਹੇ ਹਨ।
ਇਸ ਪ੍ਰੋਗਰਾਮ ਲਈ ਵਰਕਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਪਰ ਚੋਣਵੇਂ ਅਹੁਦੇਦਾਰਾਂ, ਚੇਅਰਮੈਨਾਂ ਨਾਲ ਹੀ ਸਿੱਧੂ ਦੀ ਮੁਲਾਕਾਤ ਕਰਵਾਈ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨੇ ਪਹਿਲਾਂ ਕਾਂਗਰਸ ਭਵਨ ਵਿੱਚ ਜਲੰਧਰ ਸਮੇਤ ਕਪੂਰਥਲਾ,ਹੁਸ਼ਿਆਰਪੁਰ, ਨਵਾਂਸ਼ਹਿਰ 4 ਜ਼ਿਲਿਆਂ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਸੀ ਪਰ ਬਾਅਦ ਵਿੱਚ ਇਸ ਨੂੰ ਜਲੰਧਰ ਜ਼ਿਲ੍ਹੇ ਤੱਕ ਹੀ ਸੀਮਤ ਰੱਖਿਆ ਗਿਆ ਹੈ।