*ਨਵਜੋਤ ਸਿੱਧੂ ਦੇ ‘ਪੁਲਿਸ ਦੀਆਂ ਪੈਂਟਾਂ ਗਿੱਲੀਆਂ’ ਮਗਰੋਂ ਸੁਖਬੀਰ ਬਾਦਲ ਦਾ ਵਿਵਾਦਤ ਬਿਆਨ, ਬੋਲੇ ਪੁਲਿਸ ਵਾਲਿਆਂ ਦਾ ਸਭ ਨੂੰ ਪਤਾ, 500-500 ਰੁਪਏ ਲੈਂਦੇ ਫਿਰਦੇ*

0
99

ਅੰਮ੍ਰਿਤਸਰ 27,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੁਲਿਸ ਵਾਲਿਆਂ ਬਾਰੇ ਵਿਵਾਦਤ ਬਿਆਨ ਦੇ ਮਾਰਿਆ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੁਲਿਸ ਵਾਲਿਆਂ ਦਾ ਤਾਂ ਸਭ ਨੂੰ ਪਤਾ ਹੈ। ਉਹ 500-500 ਰੁਪਏ ਲੈਂਦੇ ਫਿਰਦੇ ਹਨ।

ਸੁਖਬੀਰ ਬਾਦਲ ਅੰਮ੍ਰਿਤਸਰ ‘ਚ ਅਨਿਲ ਜੋਸ਼ੀ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਸ ਵੇਲੇ ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਤੋਂ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਬਾਰੇ ਬੋਲਦਿਆਂ ਪਹਿਲਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਤਾਂ 500-500 ਰੁਪਏ ਨਹੀਂ ਸੀ ਛੱਡਦਾ। ਸੁਖਬੀਰ ਨੇ ਫਿਰ ਕਿਹਾ ਕਿ ਪੁਲਿਸ ਵਾਲਿਆਂ ਦਾ ਤਾਂ ਸਭ ਨੂੰ ਪਤਾ ਹੈ, ਥਾਣਿਆਂ ‘ਚ ਕੀ ਬਣਦਾ ਹੈ। ਇਹ 500 ਰੁਪਏ ਨਹੀਂ ਛੱਡਦੇ। ਕੁੰਵਰ ਵਿਜੈ ਪ੍ਰਤਾਪ ਕੀ ਕਰੂ। ਉਸ ਨੇ ਆਪਣੀ ਦੁਕਾਨ ਚੁੱਕ ਕੇ ਭੱਜ ਜਾਣਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਪੁਲਿਸ ਪ੍ਰਤੀ ਬਿਆਨ ਨੂੰ ਲੈ ਕੇ ਕਾਫੀ ਰੌਲਾ ਪਿਆ ਹੋਇਆ ਹੈ। ਸਿੱਧੂ ਦੇ ਹੀ ਪੁਲਿਸ ਪ੍ਰਤੀ ਬਿਆਨ ‘ਤੇ ਸੁਖਬੀਰ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਕਿ ਨਵਜੋਤ ਸਿੱਧੂ ਮੈਂਟਲ ਸਿੱਧੂ ਹੈ ਤੇ ਇਸ ਤੋਂ ਕਾਂਗਰਸੀ ਖੁਦ ਦੁਖੀ ਹਨ।

ਅਹਿਮ ਗੱਲ਼ ਹੈ ਕਿ ਅੱਜ ਸਵੇਰੇ ਹੀ ਅਕਾਲੀ ਦਲ ਦੇ ਬੁਲਾਰੇ ਨੇ ਪੁਲਿਸ ਖਿਲਾਫ ਸਿੱਧੂ ਦੇ ਬਿਆਨ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੁਲਿਸ ਅਫਸਰਾਂ ਖਿਲਾਫ ਲਗਾਤਾਰ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਇਸ ‘ਤੇ ਮੂਕ ਦਰਸ਼ਕ ਬਣ ਕੇ ਬੈਠੇ ਹਨ। ਇਸ ਮਾਮਲੇ ਵਿੱਚ ਪਹਿਲਾਂ ਇੱਕ ਡੀਐਸਪੀ ਨੂੰ ਬੋਲਣਾ ਪਿਆ ਤੇ ਹੁਣ ਐਸਆਈ ਨੂੰ ਬੋਲਣਾ ਪਿਆ ਹੈ। ਵਰਦੀ ਵਿੱਚ ਹੁੰਦਿਆਂ ਇੱਕ ਸ਼ਕਤੀਸ਼ਾਲੀ ਬੰਦੇ ਖਿਲਾਫ ਬੋਲਣਾ ਬਹੁਤ ਔਖਾ ਹੁੰਦਾ ਹੈ। ਪੁਲਿਸ ਅਧਿਕਾਰੀਆਂ ਦੇ ਬਿਆਨਾਂ ਤੋਂ ਉਨ੍ਹਾਂ ਦੇ ਅੰਦਰਲੇ ਗੁੱਸੇ ਤੇ ਮਾਨਸਿਕ ਅਵਸਥਾ ਸਮਝਣੀ ਚਾਹੀਦੀ ਹੈ।

ਚੀਮਾ ਨੇ ਲਿਖਿਆ ਹੈ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਂਗਰਸ ਦੇ ਆਗੂ ਨੂੰ ਸਮਝਾਉਣ ਕਿ ਵਰਦੀਧਾਰੀ ਪੁਲਿਸ ਖਿਲਾਫ ਬਿਆਨਬਾਜ਼ੀ ਤੇ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ ਤੇ ਜੋ ਪਹਿਲਾਂ ਟਿੱਪਣੀਆਂ ਕੀਤੀਆਂ ਹਨ, ਉਹ ਵਾਪਸ ਲੈ ਕੇ ਪੁਲਿਸ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਪੁਲਿਸ ਦਾ ਮਨੋਬਲ ਤੇ ਵਰਦੀ ਦੀ ਇੱਜ਼ਤ ਕਾਇਮ ਰਹੇ।’

LEAVE A REPLY

Please enter your comment!
Please enter your name here