*ਨਵਜੋਤ ਸਿੱਧੂ ਦਾ ਵੱਡਾ ਆਰੋਪ, ਦੋ ਸਾਬਕਾ ਮੁੱਖ ਮੰਤਰੀਆਂ ਸਣੇ ਕਈ ਸਿਆਸਤਦਾਨਾਂ ਨੇ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ਹੜੱਪੀ*

0
78

ਚੰਡੀਗੜ੍ਹ  12,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਇੱਕ ਪਾਸੇ ਜਿੱਥੇ ਕਾਂਗਰਸ ਦੇ ਸਾਰੇ ਵੱਡੇ ਆਗੂ ਜੈਪੁਰ ਵਿੱਚ ਹੋ ਰਹੀ ਮਹਾਰੈਲੀ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਣ ਵਿੱਚ ਲੱਗੇ ਹੋਏ ਹਨ।ਨਵਜੋਤ ਸਿੱਧੂ ਅੱਜ ਚੰਡੀਗੜ੍ਹ ਵਿੱਚ ਬੋਲਦਾ ਪੰਜਾਬ ਪ੍ਰੋਗਰਾਮ ਦੇ ਲਈ ਲਾਅ ਭਵਨ ਪਹੁੰਚੇ ਸੀ।ਜਿੱਥੇ ਉਨ੍ਹਾਂ ਕੈਪਟਨ ਅਤੇ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ।

ਸਿੱਧੂ ਨੇ ਕਿਹਾ, “ਝੂਠ ਬੋਲ ਕੇ ਸੱਤਾ ਹਾਸਲ ਕਰਨੀ ਹੈ ਤਾਂ ਮੈਂ ਤੁਹਾਡੇ ਨਾਲ ਨਹੀਂ ਹਾਂ। ਮੈਂ ਸਿਰਫ ਜ਼ਮੀਨੀ ਹਕੀਕਤ ਦਾ ਪੱਖ ਲਵਾਂਗਾ। ਮੈਂ ਝੂਠੇ ਵਾਅਦਿਆਂ ਦੇ ਹੱਕ ਵਿੱਚ ਨਹੀਂ ਹਾਂ। ਪੰਜਾਬ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ, ਲੋਕ ਇਸ ਤੋਂ ਅਣਜਾਣ ਹਨ। ਦੋ ਸਾਬਕਾ ਮੁੱਖ ਮੰਤਰੀਆਂ ਸਮੇਤ ਕਈ ਸਿਆਸਤਦਾਨਾਂ ਨੇ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ਹੜੱਪ ਲਈ ਹੈ।”

ਉਨ੍ਹਾਂ ਨੇ ਕੇਬਲ ਟੀਵੀ ਦੀਆਂ ਕੀਮਤਾਂ ਅਤੇ ਕਥਿਤ ਟੈਕਸ ਚੋਰੀ ਨੂੰ ਲੈ ਕੇ ਬਾਦਲ ਪਰਿਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ, “ਮੈਂ ਖੁਦ ਸ਼ਰਾਬ ਨਹੀਂ ਪੀਂਦਾ ਅਤੇ ਸ਼ਰਾਬ ਦੀ ਵਿਕਰੀ ਤੋਂ ਮਾਲੀਆ ਪ੍ਰਾਪਤ ਕਰਨ ਦੇ ਹੱਕ ਵਿੱਚ ਵੀ ਨਹੀਂ ਹਾਂ। ਪਰ ਜੇਕਰ ਸਰਕਾਰ ਕਮਾਈ ਕਰ ਰਹੀ ਹੈ ਤਾਂ ਇਸ ਨੂੰ ਘਾਟੇ ਤੋਂ ਰੋਕਿਆ ਜਾਵੇ। ਪੰਜਾਬ ਨੂੰ ਸਿਰਫ਼ ਸ਼ਰਾਬ ‘ਤੇ ਐਕਸਾਈਜ਼ ਡਿਊਟੀ ਤੋਂ 3500 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਮਾਫੀਆ ਮਾਲੀਆ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਪੰਜਾਬ ਨੇ 6 ਲੱਖ ਕਰੋੜ ਰੁਪਏ ਦਾ ਕਰਜ਼ਾ ਆਪਣੇ ਬਿੱਲਾਂ ‘ਤੇ ਰੱਖ ਕੇ ਚੁੱਕਿਆ ਹੈ। ਪੰਜਾਬ ਵਿੱਤੀ ਦੀਵਾਲੀਏਪਣ ‘ਤੇ ਖੜ੍ਹਾ ਹੈ।”

ਇਸ ਤੋਂ ਇਲਾਵਾ ਸਿੱਧੂ ਨੇ 26 ਲੱਖ ਨੌਕਰੀਆਂ ਦੇਣ ਦੇ ਐਲਾਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ। ਅਰਵਿੰਦ ਕੇਜਰੀਵਾਲ ‘ਤੇ ਚੁਟਕੀ ਲੈਂਦਿਆਂ ਸਿੱਧੂ ਨੇ ਕਿਹਾ ਕਿ “ਉਨ੍ਹਾਂ ਨੇ ਦਿੱਲੀ ਦੀਆਂ ਔਰਤਾਂ ਨੂੰ 1000 ਰੁਪਏ ਕਿਉਂ ਨਹੀਂ ਦਿੱਤੇ। ਦਿੱਲੀ ਵਿੱਚ 19 ਹਜ਼ਾਰ ਤੋਂ ਵੱਧ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ। ਇਹ ਪੈਸਾ ਦੋ ਮੁੱਖ ਮੰਤਰੀਆਂ ਸਮੇਤ 100 ਲੋਕਾਂ ਕੋਲ ਗਿਆ।”

LEAVE A REPLY

Please enter your comment!
Please enter your name here