
ਸੰਗਰੂਰ 23 ,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਅੰਦਰ ਮਚਿਆ ਘਮਾਸਾਨ ਹਰ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਕਈ ਕਾਂਗਰਸੀ ਵਿਧਾਇਕ ਕੈਪਟਨ ਦੀ ਬਗਾਵਤ ਕਰ ਸਕਦੇ ਹਨ। ਅਜਿਹੀਆਂ ਖਬਰਾਂ ਵਿਚਾਲੇ ਸੰਗਰੂਰ ਦੇ ਅਮਰਗੜ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵੀ ਮੋਰਚਾ ਖੋਲ ਦਿੱਤਾ ਹੈ।
ਧੀਮਾਨ ਨੇ ਨਵਜੋਤ ਸਿੱਧੂ, ਪ੍ਰਗਟ ਸਿੰਘ, ਚਰਨਜੀਤ ਚੰਨੀ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਜਿਥੇ ਨਿੰਦਾ ਕੀਤੀ ਉਥੇ ਹੀ ਇਸ ਨੂੰ ਸ਼ੱਕੀ ਵੀ ਦੱਸਿਆ। ਧੀਮਾਨ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਸੱਚ ਦੀ ਆਵਾਜ਼ ਨੂੰ ਦਬਾ ਰਹੇ ਹਨ।
ਉਨ੍ਹਾਂ ਕਿਹਾ ਕਿ ਬੇਅਦਬੀ ਦਾ ਮੁੱਦਾ ਪੰਜਾਬ ਦਾ ਕਾਫੀ ਅਹਿਮ ਹੈ। ਕੈਪਟਨ ਸਰਕਾਰ ਦੀ ਕਾਰਗੁਜਾਰੀ ‘ਤੇ ਉਨ੍ਹਾਂ ਸਵਾਲ ਚੁਕਦਿਆਂ ਕਿਹਾ ਕਿ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਗੇ। ਵਿਧਾਇਕ ਧੀਮਾਨ ਮੁਤਾਬਕ ਕੈਪਟਨ ਸਰਕਾਰ ਲਗਭਗ ਹਰ ਮਸਲੇ ‘ਤੇ ਫੇਲ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਸ਼ੁਰੂ ਕੀਤੀ ਬਗਾਵਤ ਦਾ ਕਾਫ਼ਲਾ ਵੱਡਾ ਹੁੰਦਾ ਜਾ ਰਿਹਾ ਹੈ। ਬਹੁਤ ਸਾਰੇ ਕਾਂਗਰਸੀ ਵਿਧਾਇਕ ਅਤੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ‘ਤੇ ਸਵਾਲ ਚੁੱਕ ਰਹੇ ਹਨ। ਆਉਂਦੀਆਂ ਵਿਧਾਨਸਭਾ ਚੌਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਛਿੜਿਆ ਘਮਾਸਾਨ ਕਿਹੜੇ ਨਤੀਜੇ ਤੇ ਮੁੱਕਦਾ ਹੈ ਇਹ ਵੇਖਣਾ ਫਿਲਹਾਲ ਦਿਲਚਸਪ ਬਣਿਆ ਹੋਇਆ।
