
ਚੰਡੀਗੜ੍ਹ 05 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਆਪਣੀ ਹੀ ਕਾਂਗਰਸ ਪਾਰਟੀ ਖਿਲਾਫ ਝੰਡਾ ਚੁੱਕਣ ਮਗਰੋਂ ਪੰਜਾਬ ਦੇ ਕਈ ਲੀਡਰ ਨਰਾਜ਼ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਹੁਣ ਸਿੱਧੂ ਦੇ ਚੁੱਕੇ ਗਏ ਸਵਾਲਾਂ ਮਗਰੋਂ ਮੁੱਖ ਮੰਤਰੀ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕੋਈ ਕਾਰਵਾਈ ਕਰਨ।
ਇਸ ਨੂੰ ਲੈ ਕੇ ਨੇਤਾਵਾਂ ਦੀਆਂ ਮੀਟਿੰਗਾਂ ਜਾਰੀ ਹਨ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਸਿੱਧੂ ਦੀ ਬਿਆਨਬਾਜ਼ੀ ਦਾ ਨੁਕਸਾਨ ਪਾਰਟੀ ਨੂੰ ਵਿਧਾਨ ਸਭਾ ਚੋਣਾਂ ‘ਚ ਝੱਲਣਾ ਪੈ ਸਕਦਾ ਹੈ। ਕਾਂਗਰਸੀ ਲੀਡਰ ਮੰਗ ਕਰ ਰਹੇ ਹਨ ਕਿ ਸਿੱਧੂ ਤੇ ਜਲਦ ਕਾਰਵਾਈ ਕਰਕੇ ਕੋਈ ਠੋਸ ਫੈਸਲਾ ਲੈਣਾ ਚਾਹੀਦਾ ਹੈ।
ਉੱਧਰ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਗਲਤ ਹੈ। ਸਿੱਧੂ ਦੀ ਇਸ ਬਿਆਨਬਾਜ਼ੀ ਬਾਰੇ ਹਾਈਕਮਾਨ ਨੂੰ ਵੀ ਜਾਣਕਾਰੀ ਹੈ। ਹੁਣ ਹਾਈਕਮਾਨ ਦੇ ਨਿਰਦੇਸ਼ ਅਨੁਸਾਰ ਹੀ ਕਾਰਵਾਈ ਹੋਏਗੀ।
ਸਿੱਧੂ ਦੀ ਬਿਆਨਬਾਜ਼ੀ ਤੇ ਟਵੀਟਸ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਹ ਰਿਪੋਰਟ ਜਲਦ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਸੌਂਪਿਆ ਜਾਏਗਾ। ਰਿਪੋਰਟ ਮੁੱਖ ਘਟਨਾਵਾਂ ਬਾਰੇ ਬਿਆਨਬਾਜ਼ੀ ਦੀ ਜਾਣਕਾਰੀ ਪ੍ਰਦਾਨ ਕਰੇਗੀ। ਰਿਪੋਰਟ ਵਿਚ ਲਗਪਗ 8 ਅਜਿਹੇ ਨੁਕਤੇ ਹਨ, ਜਿਨ੍ਹਾਂ ਵਿਚ ਸਿੱਧੂ ਨੇ ਸਰਕਾਰ ਤੇ ਸਵਾਲ ਚੁੱਕੇ ਸੀ।
